ਸੜਕ ਹਾਦਸੇ 'ਚ ਪੰਜਾਬ ਪੁਲਸ ਮੁਲਾਜ਼ਮ ਦੀ ਮੌਤ

ਸੜਕ ਹਾਦਸੇ 'ਚ ਪੰਜਾਬ ਪੁਲਸ ਮੁਲਾਜ਼ਮ ਦੀ ਮੌਤ
ਹਲਕਾ ਗਿੱਦੜਬਾਹਾ ਦੇ ਪਿੰਡ ਕੋਠੇ ਹਿੰਮਤਪੁਰਾ (ਪਿੰਡ ਕੋਟਭਾਈ) ਦੇ ਰਹਿਣ ਵਾਲੇ ਪੁਲਸ ਮੁਲਾਜ਼ਮ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕੋਠੇ ਹਿੰਮਤਪੁਰਾ ਦਾ ਰਹਿਣ ਵਾਲਾ ਗੁਰਸੇਵਕ ਸਿੰਘ ਪੁੱਤਰ ਬਲਜਿੰਦਰ ਸਿੰਘ ਮਹਿਕਮਾ ਪੰਜਾਬ ਪੁਲਸ ਵਿਚ ਬਤੌਰ ਸਿਪਾਹੀ ਜਗਰਾਓਂ ਵਿਖੇ ਤਾਇਨਾਤ ਸੀ। 

ਗੁਰਸੇਵਕ ਸਿੰਘ ਬੀਤੇ ਦਿਨ ਆਪਣੇ ਮੋਟਰਸਾਈਕਲ ਰਾਹੀਂ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ ਤਾਂ ਪਿੰਡ ਕੋਟਭਾਈ ਦੇ ਨਜ਼ਦੀਕ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਵਰਣਨਯੋਗ ਹੈ ਕਿ ਮ੍ਰਿਤਕ ਗੁਰਸੇਵਕ ਸਿੰਘ ਪੰਜਾਬ ਪੁਲਸ ਦੀ ਨੌਕਰੀ ਤੋਂ ਪਹਿਲਾਂ ਫੌਜ ਵਿਚ ਨੌਕਰੀ ਕਰਦਾ ਸੀ ਅਤੇ ਹੁਣ ਕਰੀਬ 6 ਸਾਲਾਂ ਤੋਂ ਉਹ ਪੁਲਸ ਵਿਭਾਗ ਵਿਚ ਬਤੌਰ ਸਿਪਾਹੀ ਤਾਇਨਾਤ ਸੀ।