ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਭਾਰਤੀ ਹਵਾਈ ਫ਼ੌਜ ਦੇ ਅਗਲੇ ਮੁਖੀ ਹੋਣਗੇ, ਜਿਨ੍ਹਾਂ ਦਾ 5000 ਘੰਟਿਆਂ ਤੋਂ ਵੱਧ ਦਾ ਹਵਾਈ ਉਡਾਣਾਂ ਦਾ ਤਜਰਬਾ ਹੈ। ਉਹ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ ਦੀ ਥਾਂ ਲੈਣਗੇ।

ਰੱਖਿਆ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਇਸ ਸਮੇਂ ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ 30 ਸਤੰਬਰ ਨੂੰ ਬਾਅਦ ਦੁਪਹਿਰ ਹਵਾਈ ਫ਼ੌਜ ਦੇ ਮੁਖੀ ਵਜੋਂ ਅਹੁਦਾ ਸੰਭਾਲਣਗੇ। ਇਸ ਸਬੰਧੀ ਬਿਆਨ ਵਿਚ ਕਿਹਾ ਗਿਆ ਹੈ, ‘‘ਸਰਕਾਰ ਨੇ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ, ਪੀਵੀਐੱਸਐੱਮ, ਏਵੀਐੱਸਐੱਮ, ਜੋ ਇਸ ਵੇਲੇ ਹਵਾਈ ਫ਼ੌਜ ਦੇ ਉਪ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ ਏਅਰ ਚੀਫ਼ ਮਾਰਸ਼ਲ ਦੇ ਰੈਂਕ ਵਿਚ ਹਵਾਈ ਫ਼ੌਜ ਦਾ ਅਗਲਾ ਮੁਖੀ ਨਿਯੁਕਤ ਕੀਤਾ ਹੈ। ਇਹ ਹੁਕਮ 30 ਸਤੰਬਰ ਬਾਅਦ ਦੁਪਹਿਰ ਤੋਂ ਅਮਲ ਵਿਚ ਆਉਣਗੇ।’’ ਮੌਜੂਦਾ ਏਅਰ ਚੀਫ਼ ਮਾਰਸ਼ਲ ਵਿਵੇਕ ਰਾਮ ਚੌਧਰੀ 30 ਸਤੰਬਰ ਨੂੰ ਸੇਵਾ ਮੁਕਤ ਹੋ ਜਾਣਗੇ।