ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਰਤ ਦੇ ਇਤਿਹਾਸਕ ਚੰਨ ਮਿਸ਼ਨ 'ਚੰਦਰਯਾਨ-3' ਅਤੇ ਕਈ ਕੇਂਦਰੀ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਸਾਲਾਂ ਵਿਚ ਜੋ ਹਾਸਲ ਕੀਤਾ ਹੈ, ਉਹ ਉਨ੍ਹਾਂ ਤੋਂ ਪਹਿਲਾਂ 60 ਸਾਲ ਵਿਚ ਨਹੀਂ ਹੋ ਸਕਿਆ। ਸੂਚਨਾ, ਪ੍ਰਸਾਰਣ ਤੇ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪੁਲਾੜ ਯਾਨ ਉਤਾਰਨ ਵਾਲੇ ਦੁਨੀਆ ਦਾ ਪਹਿਲਾ ਦੇਸ਼ ਹੈ। ਇਹ ਸਾਡੇ ਲਈ ਮਾਣ ਵਾਲਾ ਪਲ ਹੈ।
ਠਾਕੁਰ ਇੱਥੇ ਪ੍ਰਧਾਨ ਮੰਤਰੀ ਮੋਦੀ ਦੇ ਚੋਣਵੇਂ ਭਾਸ਼ਣਾਂ ਦਾ ਸੰਗ੍ਰਹਿ 'ਤੇ ਆਧਾਰਿਤ ਦੋ ਪੁਸਤਕਾਂ 'ਸਭ ਕਾ ਸਾਥ, ਸਭ ਕਾ ਵਿਕਾਸ, ਸਭ ਦਾ ਵਿਸ਼ਵਾਸ' ਦੀ ਘੁੰਡ ਚੁੱਕਾਈ ਲਈ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਠਾਕੁਰ ਨੇ ਕਿਹਾ ਕਿ ਜੋ 60 ਸਾਲਾਂ ਵਿਚ ਨਹੀਂ ਹੋ ਸਕਿਆ, ਉਹ ਮੋਦੀ ਜੀ ਨੇ ਸਿਰਫ 8 ਸਾਲਾਂ ਵਿਚ ਕਰ ਵਿਖਾਇਆ। 4 ਕਰੋੜ ਗਰੀਬਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ। 12 ਕਰੋੜ ਭੈਣਾਂ ਨੂੰ ਅਤੇ ਪਰਿਵਾਰਾਂ ਨੂੰ ਪਖ਼ਾਨੇ ਬਣਾ ਕੇ ਦਿੱਤੇ। ਹਰ ਪਿੰਡ ਤੱਕ ਬਿਜਲੀ ਪਹੁੰਚਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ 80 ਕਰੋੜ ਗਰੀਬਾਂ ਨੂੰ ਕੋਵਿਡ ਮਹਾਮਾਰੀ ਦੌਰਾਨ ਢਾਈ ਸਾਲ ਤੱਕ ਡਬਲ ਰਾਸ਼ਨ ਦੇਣ ਦਾ ਕੰਮ ਕੀਤਾ ਅਤੇ ਹੁਣ ਤਾਂ 12 ਕਰੋੜ ਘਰਾਂ ਨੂੰ ਨਲ ਤੋਂ ਜਲ ਦੇਣ ਦਾ ਕੰਮ ਸਿਰਫ 3 ਸਾਲਾਂ ' ਚ ਕਰ ਦਿੱਤਾ।