ਸ਼੍ਰੋਮਣੀ ਕਮੇਟੀ ਨੇ ‘ਯਾਰੀਆਂ 2’ ਫ਼ਿਲਮ ’ਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਕਾਨੂੰਨੀ ਕਾਰਵਾਈ ਆਰੰਭੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਭਾਵਨਾਵਾਂ ਵਿਰੁੱਧ ਫ਼ਿਲਮਾਂਕਣ ਨੂੰ ਲੈ ਕੇ ‘ਯਾਰੀਆਂ 2’ ਫ਼ਿਲਮ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਕਾਨੂੰਨੀ ਕਾਰਵਾਈ ਅਮਲ ’ਚ ਲਿਆਉਣ ਦੇ ਹੁਕਮ ਦਿੱਤੇ ਹਨ। ਬੀਤੇ ਦਿਨੀਂ ਇਹ ਮਾਮਲਾ ਸਾਹਮਣੇ ਆਉਣ ’ਤੇ ਸ਼੍ਰੋਮਣੀ ਕਮੇਟੀ ਵਲੋਂ ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਨਾਲ-ਨਾਲ ਆਈ. ਟੀ. ਮੰਤਰਾਲੇ ਤੇ ਕੇਂਦਰੀ ਫ਼ਿਲਮ ਸੈਂਸਰ ਬੋਰਡ ਪਾਸੋਂ ਇਸ ਫ਼ਿਲਮ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਪ੍ਰਗਟਾਇਆ ਹੈ ਕਿ 27 ਅਗਸਤ ਨੂੰ ਟੀ-ਸੀਰੀਜ਼ ਕੰਪਨੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤੇ ਗਏ ਇਸ ਫ਼ਿਲਮ ਦੇ ਇਕ ਗੀਤ ’ਚ ਸਿਰੋਂ ਮੋਨੇ ਤੇ ਕਲੀਨਸ਼ੇਵ ਅਦਾਕਾਰ ਨੂੰ ਸਿੱਖ ਕਕਾਰ (ਗਾਤਰਾ ਕਿਰਪਾਨ) ਪਹਿਨਾ ਕੇ ਫ਼ਿਲਮਾਂਕਣ ਦਰਸਾਇਆ ਗਿਆ ਹੈ। ਇਸ ਨਾਲ ਦੇਸ਼ ਦੁਨੀਆ ਅੰਦਰ ਵੱਸਦੀ ਸਿੱਖ ਕੌਮ ਦੀਆਂ ਭਾਵਨਾਵਾਂ ਭਡ਼ਕੀਆਂ ਹਨ।