ਮੁਲਤਾਨ ’ਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ’ਚ ਭਾਰਤ ਤੇ ਪਾਕਿਸਤਾਨ ਦੇ ਬੇਤਾਬ ਦਰਸ਼ਕਾਂ ਨੂੰ ਦੋਵੇਂ ਦੇਸ਼ਾਂ ਵਿਚਾਲੇ ਤਿੰਨ ‘ਹਾਈ ਵੋਲਟੇਜ਼’ ਮੁਕਾਬਲੇ ਦੇਖਣ ਨੂੰ ਮਿਲ ਸਕਦੇ ਹਨ ਜਦਕਿ 5 ਟੀਮਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖਣ ਦਾ ਆਖਰੀ ਮੌਕਾ ਵੀ ਮਿਲੇਗਾ। ਇਹ ਅਜਿਹਾ ਟੂਰਨਾਮੈਂਟ ਹੈ, ਜਿਹੜਾ ਅਕਸਰ ਪਿਛਲੇ ਇਕ ਦਹਾਕੇ ’ਚ ਦੋ-ਪੱਖੀ ਮੁਕਾਬਲਿਆਂ ਦੀ ਵਧਦੀ ਗਿਣਤੀ ਤੇ ਟੀ-20 ਕ੍ਰਿਕਟ ਦੀ ਘਟਦੀ ਪ੍ਰਸਿੱਧੀ ਵਿਚ ਅਕਸ ਬਚਾਉਣ ਲਈ ਜੂਝਦਾ ਰਿਹਾ ਹੈ ਪਰ ਇਸ ਵਾਰ ਇਹ ਸਾਰੀਆਂ ਟੀਮਾਂ ਦੇ ‘ਥਿੰਕ ਟੈਂਕ’ ਦਾ ਅਹਿਮ ਹਿੱਸਾ ਦਿਸ ਰਿਹਾ ਹੈ। ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਪਹਿਲਾਂ ਇਹ ਨੇਪਾਲ ਨੂੰ ਛੱਡ ਕੇ ਹੋਰਨਾਂ 5 ਟੀਮਾਂ ਕੋਲ ਖਿਡਾਰੀਆਂ ਨੂੰ ਲੈ ਕੇ ਕੁਝ ਸਵਾਲਾਂ ਦੇ ਜਵਾਬ ਲੱਭਣ ਦਾ ਆਖਰੀ ਮੌਕਾ ਹੋਵੇਗਾ। ਨਿਸ਼ਚਿਤ ਰੂਪ ਨਾਲ ਵਿਸ਼ਵ ਪੱਧਰੀ ਟੂਰਨਾਮੈਂਟ ਤੋਂ ਪਹਿਲਾਂ ਕੁਝ ਦੋ-ਪੱਖੀ ਤੇ ਅਭਿਾਸ ਮੈਚ ਕਰਵਾਏ ਜਾਣਗੇ ਪਰ ਸ਼੍ਰੀਲੰਕਾ ਤੇ ਪਾਕਿਸਤਾਨ ਵਿਚ ਖੇਡੇ ਜਾਣ ਵਾਲੇ ਏਸ਼ੀਆ ਕੱਪ ਤੋਂ ਸਾਰੀਆਂ ਟੀਮਾਂ ਨੂੰ ਕਈ ਦੇਸ਼ਾਂ ਦੇ ਟੂਰਨਾਮੈਂਟ ਦਾ ਮਾਹੌਲ ਮਿਲੇਗਾ, ਜਿਹੜਾ ਤਕਰੀਬਨ-ਤਕਰੀਬਨ ਵਿਸ਼ਵ ਕੱਪ ਵਰਗਾ ਹੋਵੇਗਾ।