ਸ਼ਾਟਪੁੱਟਰ ਤੂਰ ਨੇ ਆਪਣਾ ਏਸ਼ੀਆਈ ਰਿਕਾਰਡ ਤੋੜਿਆ

ਸ਼ਾਟਪੁੱਟਰ ਤੂਰ ਨੇ ਆਪਣਾ ਏਸ਼ੀਆਈ ਰਿਕਾਰਡ ਤੋੜਿਆ

ਭਾਰਤ ਦੇ ਚੋਟੀ ਦੇ ਸ਼ਾਟਪੁੱਟ ਖਿਡਾਰੀ ਤੇਜਿੰਦਰ ਪਾਲ ਸਿੰਘ ਤੂਰ ਨੇ ਸੋਮਵਾਰ ਨੂੰ ਇੱਥੇ ਰਾਸ਼ਟਰੀ ਅੰਤਰਰਾਜੀ ਚੈਂਪੀਅਨਸ਼ਿਪ ਦੇ ਆਖਰੀ ਦਿਨ 21.77 ਮੀਟਰ ਦੇ ਥ੍ਰੋਅ ਨਾਲ ਆਪਣਾ ਏਸ਼ੀਆਈ ਰਿਕਾਰਡ ਤੋੜ ਕੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ। ਪੰਜਾਬ ਦੀ ਨੁਮਾਇੰਦਗੀ ਕਰ ਰਹੇ ਤੂਰ ਦਾ ਏਸ਼ੀਆਈ ਰਿਕਾਰਡ 21.49 ਮੀਟਰ ਦਾ ਸੀ, ਜਿਹੜਾ ਉਨ੍ਹਾਂ ਨੇ 2021 ਵਿਚ ਪਟਿਆਲਾ ਵਿਚ ਬਣਾਇਆ ਸੀ।

ਇਸ 28 ਸਾਲ ਦੇ ਖ਼ਿਡਾਰੀ ਨੇ ਕਲਿੰਗਾ ਸਟੇਡੀਅਮ ’ਚ ਤੀਜੀ ਥ੍ਰੋਅ ’ਚ 21.77 ਮੀਟਰ ਤਕ ਗੋਲਾ ਸੁੱਟਿਆ ਜਿਹੜਾ ਇਸ ਸੈਸ਼ਨ ’ਚ ਵਿਸ਼ਵ ’ਚ 9ਵਾਂ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਵਿਸ਼ਵ ਚੈਂਪੀਅਨਸ਼ਿਪ ਦਾ ਕੁਆਲੀਫਾਇੰਗ ਸਟੈਂਡਰਡ 21.40 ਮੀਟਰ ਦਾ ਹੈ। ਉਹ ਏਸ਼ੀਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਚੁੱਕੇ ਹਨ, ਜਿਸ ਦਾ ਕੁਆਲੀਫਾਇੰਗ ਸਟੈਂਡਰਡ 19 ਮੀਟਰ ਦਾ ਹੈ।