ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਵੀਰਵਾਰ ਨੂੰ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਬ੍ਰਿਕਸ ਨੇਤਾਵਾਂ ਦੀ ਮੀਡੀਆ ਬ੍ਰੀਫਿੰਗ ਤੋਂ ਪਹਿਲਾਂ ਸੰਖੇਪ ਗੱਲਬਾਤ ਕਰਦੇ ਦੇਖਿਆ ਗਿਆ। ਮੋਦੀ ਅਤੇ ਸ਼ੀ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਦੇ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣ ਲਈ ਜੋਹਾਨਸਬਰਗ ਵਿੱਚ ਹਨ। ਦੱਖਣੀ ਅਫ਼ਰੀਕਾ ਦੇ ਪ੍ਰਸਾਰਕ ਵੱਲੋਂ ਪ੍ਰਸਾਰਿਤ ਇੱਕ ਵੀਡੀਓ ਵਿੱਚ, ਮੋਦੀ ਅਤੇ ਸ਼ੀ ਨੂੰ ਸੰਖੇਪ ਤੌਰ 'ਤੇ ਆਪਸ ਵਿਚ ਕੁੱਝ ਗੱਲਬਾਤ ਕਰਦੇ ਦੇਖਿਆ ਗਿਆ। ਦੋਵਾਂ ਨੇਤਾਵਾਂ ਵਿਚਾਲੇ ਹੋਈ ਇਸ ਸੰਖੇਪ ਗੱਲਬਾਤ 'ਤੇ ਕਿਸੇ ਵੀ ਪਾਸਿਓਂ ਕੋਈ ਅਧਿਕਾਰਤ ਟਿੱਪਣੀ ਨਹੀਂ ਆਈ ਹੈ।
ਬ੍ਰਿਕਸ ਸੰਮੇਲਨ ਦੀ ਸ਼ੁਰੂਆਤ ਤੋਂ ਪਹਿਲਾਂ, ਜੋਹਾਨਸਬਰਗ ਵਿੱਚ ਮੋਦੀ ਅਤੇ ਸ਼ੀ ਦੀ ਦੁਵੱਲੀ ਮੀਟਿੰਗ ਦੀ ਸੰਭਾਵਨਾ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ। ਦੱਖਣੀ ਅਫਰੀਕਾ ਦੇ ਸ਼ਹਿਰ 'ਚ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਮੋਦੀ ਵੀਰਵਾਰ ਸ਼ਾਮ ਨੂੰ ਗ੍ਰੀਸ ਲਈ ਰਵਾਨਾ ਹੋਣਗੇ। ਪਿਛਲੇ ਸਾਲ ਨਵੰਬਰ ਵਿੱਚ, ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਨੇ ਬਾਲੀ ਵਿੱਚ G20 ਸਿਖਰ ਸੰਮੇਲਨ ਵਿੱਚ ਰਾਤ ਦੇ ਖਾਣੇ ਦੌਰਾਨ ਸੰਖੇਪ ਮੁਲਾਕਾਤ ਕੀਤੀ ਸੀ। ਮਈ 2020 ਵਿੱਚ ਸ਼ੁਰੂ ਹੋਏ ਪੂਰਬੀ ਲੱਦਾਖ ਸਰਹੱਦੀ ਵਿਵਾਦ ਤੋਂ ਬਾਅਦ ਭਾਰਤ ਅਤੇ ਚੀਨ ਦੇ ਸਬੰਧਾਂ ਵਿਚ ਤਣਾਅ ਹੋਰ ਡੂੰਘਾ ਹੋ ਗਿਆ ਸੀ। ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਪੂਰਬੀ ਲੱਦਾਖ ਦੇ ਕੁਝ ਬਿੰਦੂਆਂ 'ਤੇ ਪਿਛਲੇ 3 ਸਾਲਾਂ ਤੋਂ ਵੱਧ ਸਮੇਂ ਤੋਂ ਖਿੱਚੋਤਾਣ ਬਣੀ ਹੋਈ ਹੈ।