ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਸ਼ੂਟਰ ਸਮੇਤ 4 ਲੋਕਾਂ ਦੀ ਮੌਤ

ਗੋਲੀਬਾਰੀ ਨਾਲ ਦਹਿਲਿਆ ਅਮਰੀਕਾ, ਸ਼ੂਟਰ ਸਮੇਤ 4 ਲੋਕਾਂ ਦੀ ਮੌਤ
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਇਕ ਬਾਈਕਰ ਬਾਰ ਵਿਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿਚ ਹਮਲਾਵਰ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਓਰੇਂਜ ਕਾਉਂਟੀ ਦੇ ਸ਼ੈਰਿਫ ਦਫਤਰ ਦੇ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਗੋਲੀਬਾਰੀ ਓਰੇਂਜ ਕਾਉਂਟੀ ਦੇ ਪੇਂਡੂ ਟ੍ਰੈਬੂਕੋ ਕੈਨਿਯਨ ਵਿੱਚ 'ਕੁੱਕਸ ਕਾਰਨਰ' ਵਿੱਚ ਸ਼ਾਮ 7 ਵਜੇ ਹੋਈ, ਜੋ ਕਿ ਲੰਬੇ ਸਮੇਂ ਤੋਂ ਮੋਟਰਸਾਈਕਲ ਚਾਲਕਾਂ ਦਾ ਇੱਕ ਪ੍ਰਸਿੱਧ ਬਾਰ ਹੈ, ਜਿੱਥੇ ਲੋਕ ਮੋਟਰਸਾਈਕਲ ਰਾਹੀਂ ਲੰਬੀ ਦੂਰੀ ਤੈਅ ਕਰਨ ਤੋਂ ਬਾਅਦ ਸੰਗੀਤ, ਡਾਂਸ ਅਤੇ ਸ਼ਰਾਬ ਦਾ ਅਨੰਦ ਲੈਣ ਲਈ ਇਕੱਠੇ ਹੁੰਦੇ ਹਨ।

ਓਰੇਂਜ ਕਾਉਂਟੀ ਸ਼ੈਰਿਫ ਦੇ ਸਾਰਜੈਂਟ ਫ੍ਰੈਂਕ ਗੋਂਜ਼ਾਲੇਜ਼ ਨੇ ਕਿਹਾ ਕਿ ਗੋਲੀਬਾਰੀ ਦੀ ਪਹਿਲੀ ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਅਧਿਕਾਰੀ ਉੱਥੇ ਪਹੁੰਚੇ, ਜਿਨ੍ਹਾਂ ਦਾ ਹਮਲਾਵਰ ਨਾਲ ਸਾਹਮਣਾ ਹੋਇਆ। ਵੈਨਚੁਰਾ ਪੁਲਸ ਵਿਭਾਗ ਦੇ ਕਮਾਂਡਰ ਮਾਈਕ ਬ੍ਰਾਊਨ ਨੇ 'ਵੇਂਚੁਰਾ ਕਾਉਂਟੀ ਸਟਾਰ' ਅਖ਼ਬਾਰ ਨੂੰ ਦੱਸਿਆ ਕਿ ਓਰੇਂਜ ਕਾਉਂਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਹਮਲਾਵਰ ਉਨ੍ਹਾਂ ਦੇ ਵਿਭਾਗ ਦਾ ਇੱਕ ਸੇਵਾਮੁਕਤ ਪੁਲਸ ਅਧਿਕਾਰੀ ਸੀ। ਬ੍ਰਾਊਨ ਨੇ ਕਿਹਾ ਕਿ ਹਮਲਾਵਰ 1986 ਤੋਂ 2014 ਤੱਕ ਉਨ੍ਹਾਂ ਦੇ ਵਿਭਾਗ ਵਿੱਚ ਨੌਕਰੀ ਕਰਦਾ ਸੀ। ਓਰੇਂਜ ਕਾਉਂਟੀ ਦੇ ਅਧਿਕਾਰੀਆਂ ਨੇ ਹਾਲਾਂਕਿ, ਗੋਲੀਬਾਰੀ ਜਾਂ ਹਮਲਾਵਰ ਦੇ ਨਾਮ ਜਾਂ ਵੇਰਵਿਆਂ ਦੀ ਜਨਤਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ।