ਮੁਹੰਮਦ ਨਬੀ ਸਭ ਤੋਂ ਤੇਜ਼ ਫਿਫਟੀ ਲਗਾ ਕੇ 5,000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣੇ
ਆਲਰਾਊਂਡਰ ਮੁਹੰਮਦ ਨਬੀ ਨੇ ਮੰਗਲਵਾਰ ਨੂੰ 5000 ਕੌਮਾਂਤਰੀ ਦੌੜਾਂ ਪੂਰੀਆਂ ਕੀਤੀਆਂ ਅਤੇ ਇਕ ਵੱਡਾ ਰਿਕਾਰਡ ਆਪਣੇ ਨਾਂ ਕੀਤਾ। ਨਬੀ ਅਜਿਹਾ ਕਰਨ ਵਾਲੇ ਪਹਿਲੇ ਅਫਗਾਨਿਸਤਾਨ ਖਿਡਾਰੀ ਬਣ ਗਏ ਹਨ। ਸ਼੍ਰੀਲੰਕਾ ਦੇ ਖ਼ਿਲਾਫ਼ ਏਸ਼ੀਆ ਕੱਪ ਗਰੁੱਪ ਪੜਾਅ ਮੁਕਾਬਲੇ 'ਚ 38 ਸਾਲਾਂ ਖਿਡਾਰੀ ਇਸ ਮੁਕਾਮ 'ਤੇ ਪਹੁੰਚਿਆ। ਆਪਣੀ ਟੀਮ ਦੇ 292 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦੌਰਾਨ ਨਬੀ ਨੇ 32 ਗੇਂਦਾਂ 'ਚ 65 ਦੌੜਾਂ ਬਣਾਈਆਂ ਜਿਸ 'ਚ 6 ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਉਨ੍ਹਾਂ ਦੀਆਂ ਦੌੜਾਂ 203.12 ਦੀ ਸਟ੍ਰਾਈਕ ਰੇਟ ਨਾਲ ਆਈਆਂ। ਨਬੀ ਦਾ ਅਰਧ ਸੈਂਕੜਾ 24 ਗੇਂਦਾਂ 'ਚ ਆਇਆ ਜੋ ਵਨਡੇ ਇਤਿਹਾਸ 'ਚ ਅਫਗਾਨਿਸਤਾਨ ਦੇ ਖਿਡਾਰੀ ਵਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਬਣ ਗਿਆ ਜਿਸ ਨੇ ਮੁਜੀਬ ਉਰ ਰਹਿਮਾਨ ਦੇ ਪਿਛਲੇ ਮਹੀਨੇ ਪਾਕਿਸਤਾਨ ਦੇ ਖ਼ਿਲਾਫ਼ 26 ਗੇਂਦਾਂ 'ਚ ਅਰਧ ਸੈਂਕੜੇ ਦੇ ਹਾਲੀਆ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਹੁਣ 259 'ਚ ਕੌਮਾਂਤਰੀ ਮੈਚਾਂ 'ਚ ਨਬੀ ਨੇ 24.56 ਦੀ ਔਸਤ ਅਤੇ 99.22 ਦੀ ਸਟ੍ਰਾਈਕ ਰੇਟ ਨਾਲ 5,011 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 238 ਪਾਰੀਆਂ 'ਚ ਇਕ ਸੈਂਕੜਾ ਅਤੇ 21 ਅਰਧ ਸੈਂਕੜੇ ਬਣਾਏ ਹਨ, ਜਿਸ 'ਚ ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 116 ਹੈ।