ਫਿਲੀਪੀਨ ਸਰਕਾਰ ਨੇ ਦੱਖਣੀ ਚੀਨ ਸਾਗਰ ਦੇ ਵਿਵਾਦਿਤ ਖੇਤਰ ਵਿੱਚ ਉਸ ਦੀ ਇਕ ਸਪਲਾਈ ਕਿਸ਼ਤੀ 'ਤੇ ਚੀਨੀ ਤੱਟ ਰੱਖਿਅਕ ਜਲ ਸੈਨਾ ਵੱਲੋਂ ਪਾਣੀ ਦੀ ਬੌਛਾਰ ਕੀਤੇ ਜਾਣ ‘ਤੇ ਕੂਟਨੀਤਕ ਵਿਰੋਧ ਦਰਜ ਕਰਵਾਉਣ ਲਈ ਸੋਮਵਾਰ ਨੂੰ ਚੀਨ ਦੇ ਰਾਜਦੂਤ ਨੂੰ ਤਲਬ ਕੀਤਾ। ਫਿਲੀਪੀਨ ਦੀ ਫੌਜ ਨੇ ਵਿਵਾਦਤ ਸਮੁੰਦਰੀ ਖੇਤਰ ਵਿੱਚ ਫਿਲੀਪੀਨ ਦੇ ਸੈਕੰਡ ਥਾਮਸ ਸ਼ੋਆਲ ਟਾਪੂ 'ਤੇ ਸੈਨਿਕਾਂ ਦਾ ਨਵਾਂ ਜਥਾ, ਭੋਜਨ, ਪਾਣੀ ਅਤੇ ਬਾਲਣ ਲਿਜਾ ਰਹੀ ਸਪਲਾਈ ਕਿਸ਼ਤੀ ਨੂੰ ਰੋਕਣ ਲਈ ਉਸ 'ਤੇ ਚੀਨੀ ਤੱਟ ਰੱਖਿਅਕ ਜਹਾਜ਼ ਵੱਲੋਂ "ਬਹੁਤ ਜ਼ਿਆਦਾ ਹਮਲਾਵਰ" ਰੂਪ ਨਾਲ ਪਾਣੀ ਦੀ ਬੌਛਾਰ ਕੀਤੇ ਜਾਣ ਦੀ ਐਤਵਾਰ ਨੂੰ ਨਿੰਦਾ ਕੀਤੀ।
ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਆਸਟ੍ਰੇਲੀਆ ਅਤੇ ਜਾਪਾਨ ਸਮੇਤ ਪ੍ਰਮੁੱਖ ਸਹਿਯੋਗੀ ਦੇਸ਼ਾਂ ਨੇ ਚੀਨੀ ਜਹਾਜ਼ ਦੀਆਂ ਕਾਰਵਾਈਆਂ 'ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਫਿਲੀਪੀਨਜ਼ ਦਾ ਸਮਰਥਨ ਕੀਤਾ ਹੈ। ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਫਿਲੀਪੀਨ ਦੇ ਸਰਕਾਰੀ ਜਹਾਜ਼ਾਂ ਅਤੇ ਫੌਜ 'ਤੇ ਹਥਿਆਰਬੰਦ ਹਮਲਾ ਕੀਤਾ ਜਾਂਦਾ ਹੈ ਤਾਂ ਉਹ ਆਪਣੇ ਲੰਬੇ ਸਮੇਂ ਦੇ ਸਹਿਯੋਗੀ ਦਾ ਬਚਾਅ ਕਰੇਗਾ।