ਖੇਡ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵਾਲੀਬਾਲ, ਰਗਬੀ ਤੇ ਰੱਸਾਕਸ਼ੀ ਦੇ ਪ੍ਰਦਰਸ਼ਨੀ ਮੈਚ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਅਤੇ ਵਾਲੀਬਾਲ ਮੈਚ ਵੀ ਖੇਡਣਗੇ। ਇਸੇ ਤਰ੍ਹਾਂ ਫ਼ਿਲਮੀ ਅਦਾਕਾਰ ਤੇ ਸਾਬਕਾ ਰਗਬੀ ਖਿਡਾਰੀ ਰਾਹੁਲ ਬੋਸ ਰਗਬੀ ਮੈਚ ਵਿੱਚ ਜੌਹਰ ਦਿਖਾਉਣਗੇ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਦੀ ਜਾਣਕਾਰੀ ਵੀਰਵਾਰ ਨੂੰ ਪੰਜਾਬ ਭਵਨ ਵਿਖੇ ਖੇਡਾਂ ਦੀਆਂ ਤਿਆਰੀਆਂ ਲਈ ਸੱਦੀ ਸਮੀਖਿਆ ਮੀਟਿੰਗ ਉਪਰੰਤ ਜਾਰੀ ਪ੍ਰੈੱਸ ਬਿਆਨ ਰਾਹੀਂ ਦਿੱਤੀ।