ਕੈਨੇਡਾ ਦੇ ਓਨਟਾਰੀਓ ਦੇ ਇੱਕ ਪੰਜਾਬੀ ਟਰੱਕ ਡਰਾਈਵਰ ਹਰਵਿੰਦਰ ਸਿੰਘ ਨੂੰ ਬਲੂ ਵਾਟਰ ਬ੍ਰਿਜ ਰਾਹੀਂ ਟਰੈਕਟਰ-ਟ੍ਰੇਲਰ ਵਿੱਚ ਅਮਰੀਕਾ ਤੋਂ ਕੈਨੇਡਾ ਵਿੱਚ 3.5 ਮਿਲੀਅਨ ਡਾਲਰ ਦੀ ਕੋਕੀਨ ਦੀ ਤਸਕਰੀ ਕਰਨ ਦੇ ਮਾਮਲੇ ਵਿੱਚ ਬੀਤੇ ਦਿਨ ਸਾਰਨੀਆ ਕੈਨੇਡਾ ਦੀ ਇੱਕ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਨੂੰ 16 ਨਵੰਬਰ ਨੂੰ ਸ਼ਜਾ ਸੁਣਾਈ ਜਾਵੇਗੀ ਅਤੇ ਉਸ ਨੂੰ 9 ਤੋਂ 12 ਸਾਲ ਤੱਕ ਦੀ ਜੇਲ੍ਹ ਦੀ ਸ਼ਜਾ ਹੋ ਸਕਦੀ ਹੈ।
ਬਰੈਂਪਟਨ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੂੰ 31 ਮਾਰਚ, 2021 ਨੂੰ ਮਿਸ਼ੀਗਨ ਅਤੇ ਸਾਰਨੀਆ ਕੈਨੇਡਾ ਖੇਤਰ ਨੂੰ ਜੋੜਨ ਵਾਲੀ ਕਰਾਸਿੰਗ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਨੂੰ ਉਸਦੇ ਟਰੈਕਟਰ-ਟ੍ਰੇਲਰ ਦੀ ਜਾਂਚ ਲਈ ਤਾਂ ਉਸ ਵਿੱਚੋਂ 3.5 ਮਿਲੀਅਨ ਡਾਲਰ ਦੀ ਕੀਮਤ ਵਾਲੀ 62 ਕਿਲੋਗ੍ਰਾਮ ਕੋਕੀਨ ਜ਼ਬਤ ਹੋਈ ਸੀ। ਹਰਵਿੰਦਰ ਸਿੰਘ ਉਸ ਸਮੇਂ 25 ਸਾਲਾ ਦਾ ਸੀ। ਹਰਵਿੰਦਰ 'ਤੇ ਆਰ.ਸੀ.ਐੱਮ.ਪੀ. ਵੱਲੋਂ ਤਸਕਰੀ ਦੇ ਉਦੇਸ਼ ਲਈ ਕੋਕੀਨ ਆਯਾਤ ਕਰਨ ਅਤੇ ਕੋਕੀਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਸਨ। ਮਾਣਯੋਗ ਜੱਜ ਨੇ ਆਪਣੇ 23 ਪੰਨਿਆਂ ਦੇ ਫੈਸਲੇ ਨੂੰ ਪੜ੍ਹਦਿਆਂ ਕਿਹਾ, “ਮੈਨੂੰ ਵਾਜਬ ਸ਼ੱਕ ਤੋਂ ਪਿੱਛੇ ਹੱਟ ਕੇ ਸਿੰਘ 'ਤੇ ਲੱਗੇ ਦੋਵਾਂ ਦੋਸ਼ਾਂ ਵਿਚ ਦੋਸ਼ੀ ਹੋਣ ਦਾ ਪੂਰਾ-ਪੂਰਾ ਯਕੀਨ ਹੈ।