ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਉਨ੍ਹਾਂ 'ਤੇ ਅਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ 'ਤੇ ਬਹੁਤ ਗੰਭੀਰ ਦੋਸ਼ ਲਗਾਏ ਗਏ ਹਨ। ਦਰਅਸਲ, ਅਨਾਥ ਬੱਚਿਆਂ ਦੇ ਵੈਲਫੇਅਰ ਸੈਂਟਰ ਦੀ ਸੁਪਰਡੈਂਟ ਰਹਿ ਚੁੱਕੀ ਇੱਕ ਔਰਤ ਨੇ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ 'ਤੇ ਸੈਕਸ ਰੈਕੇਟ ਚਲਾਉਣ ਦਾ ਦੋਸ਼ ਲਗਾਇਆ ਹੈ।
'ਆਜਤਕ' ਨਿਊਜ਼ ਚੈਨਲ ਨੇ ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਕਾਸ਼ਾਨਾ ਵੈਲਫੇਅਰ ਹਾਊਸ ਦੀ ਸਾਬਕਾ ਸੁਪਰਡੈਂਟ ਅਫਾਸ਼ਾ ਲਤੀਫ ਨੇ ਦਾਅਵਾ ਕੀਤਾ ਹੈ ਕਿ ਜਦੋਂ ਇਮਰਾਨ ਖਾਨ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਦੇ ਘਰ ਯਤੀਮ ਲੜਕੀਆਂ ਨੂੰ ਭੇਜਿਆ ਜਾਂਦਾ ਸੀ ਅਤੇ ਉੱਥੇ ਉਨ੍ਹਾਂ ਬੱਚੀਆਂ ਦਾ ਜਿਨਸੀ ਸੋਸ਼ਣ ਹੁੰਦਾ ਸੀ।
ਇੰਨਾ ਹੀ ਨਹੀਂ ਲਾਵਾਰਿਸ ਬੱਚੀਆਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ। ਲਤੀਫ਼ ਦਾ ਦਾਅਵਾ ਹੈ ਕਿ ਕਈ ਲਾਵਾਰਿਸ ਬੱਚੀਆਂ ਅਜੇ ਵੀ ਲਾਪਤਾ ਹਨ। ਉਨ੍ਹਾਂ ਨੇ ਪਾਕਿਸਤਾਨੀ ਮੀਡੀਆ ਚੈਨਲ ਨਾਲ ਗੱਲ ਕਰਦਿਆਂ ਹੋਇਆਂ ਕਿਹਾ ਕਿ ਇਹ ਸਭ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਯਾਨੀ ਪਿੰਕੀ ਪੀਰਨੀ ਦੇ ਕਹਿਣ 'ਤੇ ਹੋਇਆ ਸੀ।