ਭਾਰਤ ਵਲੋਂ ਬ੍ਰਿਟੇਨ ਨੂੰ ਕੀਤੇ ਵਪਾਰਕ ਨਿਰਯਾਤ 'ਚ ਹੋਇਆ 20.6 ਫ਼ੀਸਦੀ ਦਾ ਜ਼ਬਰਦਸਤ ਵਾਧਾ

ਭਾਰਤ ਵਲੋਂ ਬ੍ਰਿਟੇਨ ਨੂੰ ਕੀਤੇ ਵਪਾਰਕ ਨਿਰਯਾਤ 'ਚ ਹੋਇਆ 20.6 ਫ਼ੀਸਦੀ ਦਾ ਜ਼ਬਰਦਸਤ ਵਾਧਾ
ਵਿੱਤੀ ਸਾਲ 2023-24 ਦੇ ਪਹਿਲੇ 4 ਮਹੀਨਿਆਂ (ਅਪ੍ਰੈਲ-ਜੁਲਾਈ) ਦੌਰਾਨ ਭਾਰਤ ਦੇ ਟਾਪ 10 ਨਿਰਯਾਤ ਕੇਂਦਰਾਂ 'ਚ ਸਿਰਫ਼ ਬ੍ਰਿਟੇਨ ਨੂੰ ਕੀਤੇ ਜਾਣ ਵਾਲੇ ਵਪਾਰਕ ਨਿਰਯਾਤ ਵਿੱਚ ਵਾਧਾ ਹੋਇਆ ਹੈ। ਵਿਸ਼ਵ ਪੱਧਰ 'ਤੇ ਮੰਗ ਘੱਟ ਹੋਣ ਕਾਰਨ ਸਾਰੀਆਂ ਪ੍ਰਮੁੱਖ ਅਰਥਵਿਵਸਥਾਵਾਂ 'ਚ ਨਿਰਯਾਤ ਘੱਟ ਹੋਇਆ ਹੈ। ਕੁੱਲ ਮਿਲਾ ਕੇ ਅਪ੍ਰੈਲ-ਜੁਲਾਈ ਦੌਰਾਨ ਵਪਾਰਕ ਨਿਰਯਾਤ 'ਚ 14.5 ਫ਼ੀਸਦੀ ਦੀ ਕਮੀ ਆਈ ਹੈ। ਲਗਾਤਾਰ ਛੇਵੇਂ ਮਹੀਨੇ ਵਪਾਰਕ ਨਿਰਯਾਤ ਘੱਟ ਹੋਇਆ ਹੈ। 
 

ਸੂਤਰਾਂ ਅਨੁਸਾਰ ਬ੍ਰਿਟੇਨ ਨੂੰ ਹੋਣ ਵਾਲੇ ਨਿਰਯਾਤ 'ਚ 20.6 ਫ਼ੀਸਦੀ ਦਾ ਜ਼ਬਰਦਸਤ ਵਾਧਾ ਹੋਇਆ ਹੈ ਅਤੇ ਇਸ ਸਮੇਂ ਦੌਰਾਨ ਇਹ ਵਧਕੇ 4.5 ਅਰਬ ਡਾਲਰ ਹੋ ਗਿਆ ਹੈ। ਇਸ ਦੇ ਕਾਰਨ ਵਿੱਤੀ ਸਾਲ 2023 ਦੇ ਇਸ ਸਮੇਂ ਦੌਰਾਨ ਬ੍ਰਿਟੇਨ 8ਵੇਂ ਵੱਡੇ ਨਿਰਯਾਤ ਕੇਂਦਰਾਂ 'ਤੋਂ ਉੱਪਰ ਉੱਠ ਕੇ ਭਾਰਤ ਦਾ 5ਵਾਂ ਸਭ ਤੋਂ ਵੱਡਾ ਨਿਰਯਾਤ ਕੇਂਦਰ ਬਣ ਗਿਆ ਹੈ। ਅਪ੍ਰੈਲ-ਜੂਨ ਦੇ ਮਹੀਨਿਆਂ ਦੇ ਮਿਲੇ ਅੰਕੜਿਆਂ ਅਨੁਸਾਰ ਪਤਾ ਚੱਲਦਾ ਹੈ ਕਿ ਜਹਾਜ਼ ਦਾ ਫਿਊਲ (32.4 ਕਰੋੜ ਡਾਲਰ), ਸਮਾਰਟ ਫ਼ੋਨ (29.25 ਕਰੋੜ ਡਾਲਰ) ਅਤੇ ਵਾਲ ਪੇਪਰ (14.72 ਕਰੋੜ ਡਾਲਰ) ਦੇ ਨਿਰਯਾਤ ਨੇ ਭਾਰਤ ਤੋਂ ਬ੍ਰਿਟੇਨ ਨੂੰ ਹੋਣ ਵਾਲਾ ਨਿਰਯਾਤ ਵਧਾਇਆ ਹੈ।