ਮੋਰਿੰਡਾ ਪੁਲਸ ਨੇ ਇਕ ਕਿਸਾਨ ਵਲੋਂ ਨਹਿਰ ’ਚ ਛਾਲ ਮਾਰਨ ਕਾਰਨ ਹੋਈ ਮੌਤ ਸਬੰਧੀ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਾ ਜ਼ਮੀਨੀ ਵਿਵਾਦ ਦਾ ਦੱਸਿਆ ਜਾ ਰਿਹਾ ਹੈ। ਐੱਸ. ਐੱਚ. ਓ. ਸਿਟੀ ਮੋਰਿੰਡਾ ਇੰਸ. ਸੁਨੀਲ ਕੁਮਾਰ ਨੇ ਦੱਸਿਆ ਕਿ ਹਰਪ੍ਰੀਤ ਕੌਰ ਪੁੱਤਰੀ ਤਰਲੋਚਨ ਸਿੰਘ ਵਾਸੀ ਪਿੰਡ ਖੰਟ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਸਾਂਝੀ ਜਾਇਦਾਦ ਪੀਰ ਕਾਲੋਨੀ ਅਤੇ ਦੁਸਹਿਰਾ ਗਰਾਊਂਡ ਸਰਹਿਦ ਵਿਖੇ ਹੈ, ਜਿਸ ਸਬੰਧੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਅਦਾਲਤ ’ਚ ਬਕਾਇਦਾ ਕੇਸ ਚੱਲਦਾ ਹੈ।
ਉਸ ਨੇ ਦੱਸਿਆ ਕਿ ਰਣਧੀਰ ਸਿੰਘ ਚੰਡੀਗੜ੍ਹ, ਬਲਜਿੰਦਰ ਸਿੰਘ ਪਿੰਡ ਖੰਟ ਅਤੇ ਰਾਜਵੰਤ ਸਿੰਘ ਵਾਸੀ ਸਰਹਿੰਦ ਵਲੋਂ ਉਸ ਦੇ ਪਿਤਾ ਤਰਲੋਚਨ ਸਿੰਘ ਨੂੰ ਇਸ ਜਾਇਦਾਦ ਸਬੰਧੀ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ, ਜਿਸ ਕਾਰਨ ਤਰਲੋਚਨ ਸਿੰਘ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਕਸਰ ਇਹ ਗੱਲ ਕਹਿੰਦਾ ਸੀ ਕਿ ਜਦੋਂ ਵੀ ਮੇਰੀ ਮੌਤ ਹੋਈ ਤਾਂ ਉਸ ਲਈ ਇਹ ਵਿਅਕਤੀ ਜ਼ਿੰਮੇਵਾਰ ਹੋਣਗੇ। ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸੇ ਪ੍ਰੇਸ਼ਾਨੀ ਕਾਰਨ ਉਸ ਦਾ ਪਿਤਾ ਤਰਲੋਚਨ ਸਿੰਘ ਸਵੇਰੇ ਪੌਣੇ ਤਿੰਨ ਵਜੇ ਕਿਸੇ ਨੂੰ ਦੱਸੇ ਬਿਨਾਂ ਘਰੋਂ ਬਾਹਰ ਚਲਾ ਗਿਆ, ਜਿਸ ਦਾ ਸਕੂਟਰ ਪਿੰਡ ਕਜੌਲੀ ਕੋਲ ਨਹਿਰ ਕੰਢੇ ਖੜ੍ਹਾ ਮਿਲਿਆ ਅਤੇ ਉਸਦੀ ਲਾਸ਼ ਪਟਿਆਲਾ ਨੇੜੇ ਭਾਖੜਾ ਨਹਿਰ ’ਚੋਂ ਮਿਲੀ ਹੈ।