ਫਰਾਂਸ ਨੇ ਮੰਗਲਵਾਰ ਨੂੰ ਭਾਰਤ ਵਿਚ ਹੋਣ ਵਾਲੇ ਜੀ-20 ਸਿਖਰ ਸੰਮੇਲਨ ਵਿਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਭਾਗੀਦਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਬੈਠਕ ਵੱਡੀਆਂ ਗਲੋਬਲ ਚੁਣੌਤੀਆਂ ਪ੍ਰਤੀ ਸਾਂਝੀ ਪ੍ਰਤੀਕਿਰਿਆ ਨੂੰ ਲਾਗੂ ਕਰਨ ਦੀ ਦਿਸ਼ਾ ਵਿਚ ਅੱਗੇ ਵਧਣ ਦਾ ਮੌਕਾ ਹੈ। ਮੈਕਰੋਨ ਦੇ ਦਫਤਰ ਨੇ ਇਕ ਬਿਆਨ 'ਚ ਕਿਹਾ, ''ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਭਾਰਤ ਦੀ ਪ੍ਰਧਾਨਗੀ 'ਚ ਹੋਣ ਵਾਲੇ ਜੀ-20 ਸੰਮੇਲਨ 'ਚ ਸ਼ਾਮਲ ਹੋਣ ਲਈ 9 ਅਤੇ 10 ਸਤੰਬਰ ਨੂੰ ਦਿੱਲੀ ਜਾਣਗੇ ਅਤੇ ਫਿਰ 10 ਸਤੰਬਰ ਨੂੰ ਬੰਗਲਾਦੇਸ਼ ਦੀ ਦੁਵੱਲੀ ਯਾਤਰਾ ਲਈ ਜਾਣਗੇ।''
ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ, “ਜੀ-20 ਸਿਖਰ ਸੰਮੇਲਨ ਫਰਾਂਸ ਦੇ ਰਾਸ਼ਟਰ ਪ੍ਰਧਾਨ ਨੂੰ ਹਰ ਮਹਾਂਦੀਪ ਦੇ ਆਪਣੇ ਹਮਰੁਤਬਿਆਂ ਨਾਲ ਚੱਲ ਰਹੀ ਗੱਲਬਾਤ ਜਾਰੀ ਰੱਖਣ ਦਾ ਮੌਕਾ ਪ੍ਰਦਾਨ ਕਰੇਗਾ ਤਾਂਕਿ ਦੁਨੀਆ ਦੇ ਟੁਕੜੇ-ਟੁਕੜੇ ਹੋਣ ਦੇ ਖਤਰਿਆਂ ਦਾ ਮੁਕਾਬਲਾ ਕੀਤਾ ਜਾ ਸਕੇ। ਇਹ ਵੱਡੀਆਂ ਗਲੋਬਲ ਚੁਣੌਤੀਆਂ ਲਈ ਸਾਂਝੀਆਂ ਪ੍ਰਤੀਕਿਰਿਆਵਾਂ ਨੂੰ ਲਾਗੂ ਕਰਨ ਵਿੱਚ ਪ੍ਰਗਤੀ ਕਰਨ ਦਾ ਇੱਕ ਮੌਕਾ ਵੀ ਹੋਵੇਗਾ, ਜਿਸ ਨਾਲ ਸਿਰਫ਼ ਬਹੁਪੱਖੀ ਕਾਰਵਾਈਆਂ ਰਾਹੀਂ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ: ਇਹ ਬਹੁਪੱਖੀ ਕਾਰਵਾਈ ਸ਼ਾਂਤੀ ਅਤੇ ਸਥਿਰਤਾ, ਗਰੀਬੀ ਦੂਰ ਕਰਨਾ, ਜਲਵਾਯੂ ਅਤੇ ਸਾਡੇ ਗ੍ਰਹਿ ਦੀ ਸੁਰੱਖਿਆ, ਭੋਜਨ ਸੁਰੱਖਿਆ ਅਤੇ ਡਿਜੀਟਲ ਨਿਯਮ ਆਦਿ ਹੈ।'