ਅਮਰੀਕਾ ਦੇ ਸੂਬੇ ਨਿਊਜਰਸੀ ਵਿੱਚ ਇਕ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਨੂੰ ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀ ਅਮਿਤੋਜ ਓਬਰਾਏ (ਜੋ ਘਟਨਾ ਸਮੇਂ ਔਫ ਡਿਊਟੀ ਸੀ) ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ। ਨਸ਼ੇ ਵਿੱਚ ਕਾਰ ਡਰਾਇਵ ਕਰਦੇ ਸਮੇਂ ਉਸ ਕੋਲੋਂ ਹਾਦਸਾ ਵਾਪਰ ਗਿਆ ਤੇ ਉਸ ਦੀ ਹੀ ਕਾਰ ਵਿੱਚ ਸਵਾਰ 2 ਯਾਤਰੀਆਂ ਦੀ ਮੌਤ ਹੋ ਗਈ। ਅਮਿਤੋਜ ਓਬਰਾਏ ਨਿਊਜਰਸੀ ਵਿਖੇ ਪੁਲਸ ਅਧਿਕਾਰੀ ਹੈ ਅਤੇ ਉਸ 'ਤੇ ਕਤਲ ਦੇ ਇਲਜ਼ਾਮ ਲੱਗੇ ਹਨ। ਇਹ ਹਾਦਸਾ 27 ਅਗਸਤ ਨੂੰ ਵਾਪਰਿਆ ਸੀ। ਸਥਾਨਕ ਪੁਲਸ ਨੇ ਅਮਿਤੋਜ 'ਤੇ ਸ਼ਰਾਬ ਦੇ ਨਸ਼ੇ ਵਿੱਚ ਡਰਾਇਵ ਕਰਨ ਅਤੇ ਵਾਪਰੇ ਹਾਦਸੇ ਵਿਚ 2 ਲੋਕਾਂ ਦੇ ਕਤਲ ਦੇ ਮਾਮਲੇ ਵਿਚ ਪਹਿਲੀ-ਡਿਗਰੀ ਦੇ ਦੋਸ਼ ਲਗਾਏ ਹਨ। ਸਮਰਸੈੱਟ ਕਾਉਂਟੀ ਦੇ ਵਕੀਲ ਨੇ ਕਿਹਾ ਕਿ ਹਾਦਸੇ ਦੌਰਾਨ ਅਮਿਤੋਜ ਨਸ਼ੇ ਦੀ ਹਾਲਤ ਵਿਚ ਸੀ। ਉਸ ਦੀ ਗੱਡੀ ਵਿੱਚ 3 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਅਮਿਤੋਜ ਨੂੰ ਵੀ ਸੱਟਾਂ ਲੱਗੀਆਂ ਹਨ।