ਅਮਰੀਕਾ ਦੇ ਮਸ਼ਹੂਰ ਰੈਪ ਗਾਇਕ ਐਮੀਨੇਮ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਦੌੜ 'ਚ ਉੱਤਰੇ ਭਾਰਤੀ ਮੂਲ ਦੇ ਨੇਤਾ ਵਿਵੇਕ ਰਾਮਾਸਵਾਮੀ 'ਤੇ ਇਤਰਾਜ਼ ਜਤਾਇਆ ਹੈ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਟਰੰਪ ਦੇ ਖ਼ਿਲਾਫ਼ ਚੋਣ ਲੜ ਰਹੇ ਵਿਵੇਕ ਨੇ ਆਪਣੇ ਪ੍ਰਚਾਰ ਦੌਰਾਨ ਐਮੀਨਮ ਦੇ ਸੰਗੀਤ ਦੀ ਵਰਤੋਂ ਕੀਤੀ ਸੀ, ਜਿਸ 'ਤੇ ਰੈਪਰ ਨੇ ਹੁਣ ਅਧਿਕਾਰਤ ਤੌਰ 'ਤੇ ਉਸ 'ਤੇ ਇਤਰਾਜ਼ ਜਤਾਇਆ ਹੈ। ਸਿੰਗਰ ਨੇ ਕਿਹਾ ਹੈ ਕਿ ਰਾਮਾਸਵਾਮੀ ਨੂੰ ਮੇਰੇ ਸੰਗੀਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਐਮੀਨਮ ਨੇ ਇਸ ਦੇ ਲਈ ਮਿਊਜ਼ਿਕ ਲਾਇਸੈਂਸਰ ਬ੍ਰਾਡਕਾਸਟ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਹੈ। ਹਾਲ ਹੀ 'ਚ ਵਿਵੇਕ ਰਾਮਾਸਵਾਮੀ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਐਮੀਨਮ ਰੈਪਰ ਦਾ ਇਕ ਰੈਪ ਗੀਤ ਗਾਉਂਦਾ ਨਜ਼ਰ ਆਇਆ ਸੀ। ਰਾਮਾਸਵਾਮੀ ਰੈਪ ਸੰਗੀਤ ਦੇ ਸ਼ੌਕੀਨ ਵੀ ਹਨ। ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਵਿਵੇਕ ਰਾਮਾਸਵਾਮੀ ਨੇ ਖੁਦ ਰੈਪ ਗੀਤ ਗਾਏ ਸਨ ਅਤੇ ਦਿ ਵੇਕ ਨਾਂ ਦੇ ਇਕ ਰਾਕ ਬੈਂਡ ਦਾ ਉਹ ਹਿੱਸਾ ਵੀ ਸੀ। ਹਾਲਾਂਕਿ, ਵਿਵੇਕ ਰਾਮਾਸਵਾਮੀ ਤੋਂ ਪਹਿਲਾਂ ਰੋਲਿੰਗ ਸਟੋਨ ਨੇ ਵੀ ਡੋਨਾਲਡ ਟ੍ਰੰਪ 'ਤੇ ਉਸ ਦੇ ਗੀਤ ਦੀ ਵਰਤੋਂ ਕਰਨ 'ਤੇ ਇਤਰਾਜ਼ ਜਤਾਇਆ ਸੀ। ਵਿਵੇਕ ਰਾਮਾਸਵਾਮੀ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਦੇ ਹਨ ਜਾਂ ਨਹੀਂ, ਇਸ ਦੀ ਦੌੜ ਵਿੱਚ ਉੱਤਰਨ ਤੋਂ ਬਾਅਦ ਉਹ ਅਮਰੀਕਾ ਵਿੱਚ ਇਕ ਜਾਣਿਆ-ਪਛਾਣਿਆ ਚਿਹਰਾ ਬਣ ਰਹੇ ਹਨ। ਉਨ੍ਹਾਂ ਦੇ ਬਿਆਨਾਂ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।