ਮਹਾਰਾਸ਼ਟਰ : ਅਭੀ ਨਾਟਕ ਚਾਲੂ ਆਏ, ਆਗੇ-ਆਗੇ ਦੇਖੀਏ ਹੋਤਾ ਹੈ ਕਿਆ

ਮਹਾਰਾਸ਼ਟਰ : ਅਭੀ ਨਾਟਕ ਚਾਲੂ ਆਏ, ਆਗੇ-ਆਗੇ ਦੇਖੀਏ ਹੋਤਾ ਹੈ ਕਿਆ
ਕਦੀ ਕੋਈ ਚੋਣ ਨਾ ਹਾਰਨ ਵਾਲੇ ਸ਼ਰਦ ਪਵਾਰ 4 ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹਿਣ ਦੇ ਇਲਾਵਾ ਕੇਂਦਰ ’ਚ ਰੱਖਿਆ ਅਤੇ ਫਿਰ ਖੇਤੀਬਾੜੀ ਮੰਤਰੀ ਰਹੇ ਪਰ ਰਾਸ਼ਟਰੀ ਪੱਧਰ ’ਤੇ ਕਦੀ ਵੀ ਉਹ ਸਥਾਨ ਨਹੀਂ ਪਾ ਸਕੇ, ਜਿਸ ਲਈ ਉਹ ਸਭ ਤੋਂ ਵੱਧ ਚਾਹਵਾਨ ਸਨ। ਰਾਜੀਵ ਗਾਂਧੀ ਦੀ ਹੱਤਿਆ ਤੋਂ ਬਾਅਦ ਸੋਨੀਆ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਲਈ ਨਰਸਿਮ੍ਹਾ ਰਾਓ ਦਾ ਖੁੱਲ੍ਹੇ ਤੌਰ ’ਤੇ ਸਮਰਥਨ ਕਰਨ ਪਿੱਛੋਂ ਸ਼ਰਦ ਪਵਾਰ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਟੁੱਟ ਗਿਆ ਅਤੇ ਉਨ੍ਹਾਂ ਨੇ ਸੋਨੀਆ ਨਾਲ ਬਗਾਵਤ ਕਰ ਕੇ 1999 ’ਚ ਆਪਣੀ ਵੱਖਰੀ ‘ਰਾਸ਼ਟਰਵਾਦੀ ਕਾਂਗਰਸ ਪਾਰਟੀ’ (ਰਾਕਾਂਪਾ) ਬਣਾ ਲਈ। ਸ਼ਰਦ ਪਵਾਰ ਦੇ ਸਿਆਸੀ ਉੱਤਰਾਧਿਕਾਰੀ ਮੰਨੇ ਜਾਣ ਵਾਲੇ ਇਨ੍ਹਾਂ ਦੇ ਭਤੀਜੇ ਅਜੀਤ ਪਵਾਰ ਸ਼ੁਰੂ ਤੋਂ ਹੀ ਰਾਕਾਂਪਾ ’ਚ ਉਤਾਰ-ਚੜ੍ਹਾਅ ’ਚੋਂ ਲੰਘਦੇ ਰਹੇ ਹਨ। ਇਨ੍ਹਾਂ ਨੂੰ ਪਹਿਲਾ ਝਟਕਾ ਉਸ ਸਮੇਂ ਲੱਗਾ ਜਦ ਸ਼ਰਦ ਪਵਾਰ ਨੇ 2004 ’ਚ ਰਾਕਾਂਪਾ ਵੱਲੋਂ ਵੱਧ ਸੀਟਾਂ ਜਿੱਤਣ ਦੇ ਬਾਵਜੂਦ ਮੁੱਖ ਮੰਤਰੀ ਦਾ ਅਹੁਦਾ ਕਾਂਗਰਸ ਨੂੰ ਦੇਣ ਦਾ ਫੈਸਲਾ ਕੀਤਾ।
ਤਦ ਅਜੀਤ ਪਵਾਰ ਨੇ ਸਮਝਿਆ ਕਿ ਚਾਚਾ ਸ਼ਰਦ ਪਵਾਰ ਨੇ ਅਜਿਹਾ ਸ਼ਾਇਦ ਉਨ੍ਹਾਂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੀਤਾ ਹੈ। ਇਸ ਦੇ ਬਾਅਦ ਉਨ੍ਹਾਂ ਨੂੰ ਕਦੀ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਨਹੀਂ ਮਿਲਿਆ। ਪਾਰਟੀ ’ਚ ਸੱਤਾ ਲਈ ਟਕਰਾਅ 2006 ’ਚ ਸ਼ਰਦ ਪਵਾਰ ਦੀ ਧੀ ਸੁਪਿ੍ਰਆ ਸੁਲੇ ਦੇ ਸਿਆਸਤ ’ਚ ਦਾਖਲ ਹੋਣ ਨਾਲ ਹੋਰ ਵਧ ਗਿਆ। ਫਿਰ 2009 ’ਚ ਅਜੀਤ ਪਵਾਰ ਨੂੰ ਇਕ ਹੋਰ ਝਟਕਾ ਲੱਗਾ ਜਦ ਉਨ੍ਹਾਂ ਦੀ ਅਣਦੇਖੀ ਕਰ ਕੇ ਓ. ਬੀ. ਸੀ. ਆਗੂ ਛਗਨ ਭੁਜਬਲ ਨੂੰ ਉਪ-ਮੁੱਖ ਮੰਤਰੀ ਅਹੁਦੇ ਲਈ ਚੁਣਿਆ ਗਿਆ। ਨਵੰਬਰ, 2019 ’ਚ ਅਜੀਤ ਪਵਾਰ ਨੇ ਆਪਣੇ ਚਾਚਾ ਵਿਰੁੱਧ ਬਗਾਵਤ ਕਰ ਕੇ ਦੇਵੇਂਦਰ ਫੜਨਵੀਸ ਨਾਲ ਮਿਲ ਕੇ ਥੋੜ੍ਹੇ ਸਮੇਂ ਦੀ ਸਰਕਾਰ ਬਣਾਉਣ ’ਚ ਸਹਿਯੋਗ ਦਿੱਤਾ। ਸ਼ਰਦ ਪਵਾਰ ਉਸ ਬਗਾਵਤ ਨੂੰ ਦਬਾਉਣ ’ਚ ਸਫਲ ਹੋ ਗਏ ਸਨ ਪਰ ਅਜੀਤ ਪਵਾਰ ਉਚਿਤ ਮੌਕੇ ਦੀ ਉਡੀਕ ’ਚ ਰਹੇ। ਇਸੇ ਸਾਲ 10 ਜੂਨ ਨੂੰ ਸ਼ਰਦ ਪਵਾਰ ਵੱਲੋਂ ਅਜੀਤ ਪਵਾਰ ਦੀ ਬਜਾਏ ਆਪਣੀ ਧੀ ਸੁਪਿ੍ਰਆ ਸੁਲੇ ਅਤੇ ਪ੍ਰਫੁੱਲ ਪਟੇਲ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਣਾ ਦੇਣ ’ਤੇ ਇਹ ਫੁੱਟ ਜਨਤਕ ਹੋ ਗਈ। ਅਖੀਰ ਅਜੀਤ ਪਵਾਰ ਨੇ ਭਾਜਪਾ ਨਾਲ ਮਿਲ ਕੇ 2 ਜੁਲਾਈ ਨੂੰ ‘ਖੇਲਾ’ ਕਰ ਦਿੱਤਾ ਅਤੇ ਆਪਣੇ ਲਗਭਗ 30 ਤੋਂ ਵੱਧ ਵਿਧਾਇਕਾਂ ਦੇ ਨਾਲ ਸ਼ਿੰਦੇ-ਭਾਜਪਾ ਸਰਕਾਰ ਨਾਲ ਹੱਥ ਮਿਲਾ ਕੇ ਉਪ-ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠ ਗਏ। ਅਜੀਤ ਪਵਾਰ ਦੇ ਨੇੜਲੇ ਵਿਧਾਇਕਾਂ ਨੂੰ ਵੀ ਮੰਤਰੀ ਅਹੁਦੇ ਦਿੱਤੇ ਗਏ ਹਨ ਅਤੇ ਇਸ ਗੱਠਜੋੜ ਨੂੰ ਉਨ੍ਹਾਂ ਨੇ ਇਕ ਨਵਾਂ ਨਾਂ ‘ਮਹਾਯੁਤੀ ਗੱਠਜੋੜ’ ਦਿੱਤਾ ਹੈ।
ਅਜੀਤ ਪਵਾਰ ਦੇ ਇਸ ਕਦਮ ਨੂੰ ਸ਼ਰਦ ਪਵਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਵਿਚਾਲੇ ਅਜੀਤ ਪਵਾਰ ਨੇ ਰਾਕਾਂਪਾ ’ਤੇ ਆਪਣਾ ਅਧਿਕਾਰ ਜਤਾਇਆ ਹੈ, ਓਧਰ ਸ਼ਰਦ ਪਵਾਰ ਨੇ ਕਿਹਾ ਹੈ ਕਿ ਇਹ ਤਾਂ ਜਨਤਾ ਹੀ ਦੱਸੇਗੀ ਕਿ ਪਾਰਟੀ ਕਿਸਦੀ ਹੈ।ਸ਼ਰਦ ਪਵਾਰ ਨੇ ਕਿਹਾ ਹੈ ਕਿ ਅਜੀਤ ਪਵਾਰ ਦੀ ਬਗਾਵਤ ਨੂੰ ਉਨ੍ਹਾਂ ਦਾ ਆਸ਼ੀਰਵਾਦ ਨਹੀਂ ਹੈ ਅਤੇ ਉਨ੍ਹਾਂ ਨੇ ਸੰਸਦ ਮੈਂਬਰ ਪ੍ਰਫੁੱਲ ਪਟੇਲ ਅਤੇ ਸੁਨੀਲ ਤਟਕਰੇ ਨੂੰ ਪਾਰਟੀ ’ਚੋਂ ਕੱਢਣ ਦੇ ਇਲਾਵਾ ਅਜੀਤ ਪਵਾਰ ਸਮੇਤ ਸ਼ਿੰਦੇ ਸਰਕਾਰ ’ਚ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲੇ 9 ਵਿਧਾਇਕਾਂ ਵਿਰੁੱਧ ਅਯੋਗਤਾ ਦੀ ਰਿੱਟ ਵਿਧਾਨ ਸਭਾ ਸਪੀਕਰ ਕੋਲ ਦਾਇਰ ਕਰ ਦਿੱਤੀ ਹੈ। ਓਧਰ ਅਜੀਤ ਪਵਾਰ ਧੜੇ ਨੇ ਵੀ ਜਯੰਤ ਪਾਟਿਲ ਨੂੰ ਰਾਕਾਂਪਾ ਦੇ ਸੂਬਾਈ ਪ੍ਰਧਾਨ ਅਹੁਦੇ ਤੋਂ ਹਟਾ ਦਿੱਤਾ ਹੈ। ਸ਼ਿਵਸੈਨਾ ਊਧਵ ਠਾਕਰੇ ਨੇ ਦਾਅਵਾ ਕੀਤਾ ਹੈ ਕਿ ਅਜੀਤ ਪਵਾਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿੰਦੇ ਦੀ ਥਾਂ ਲੈਣ ਲਈ ਭਾਜਪਾ ਦਾ ਹੱਥ ਫੜਿਆ ਹੈ ਅਤੇ ਉਹ ਜਲਦੀ ਹੀ ਸੂਬੇ ਦੇ ਮੁੱਖ ਮੰਤਰੀ ਹੋਣਗੇ ਪਰ ਭਾਜਪਾ ਨੇ ਇਨ੍ਹਾਂ ਅਟਕਲਾਂ ਨੂੰ ਖਾਰਿਜ ਕੀਤਾ ਹੈ। ਜਿੱਥੇ ਅਜੀਤ ਪਵਾਰ ਨੂੰ ਝਟਕਾ ਦਿੰਦੇ ਹੋਏ ਸ਼ਰਦ ਪਵਾਰ ਵਿਰੁੱਧ ਬਗਾਵਤ ਦੇ 24 ਘੰਟੇ ਦੇ ਅੰਦਰ ਹੀ ਉਨ੍ਹਾਂ ਦੇ ਖੇਮੇ ’ਚ ਇਕ ਸੰਸਦ ਮੈਂਬਰ ਅਤੇ 2 ਵਿਧਾਇਕ ਪਰਤ ਆਏ ਹਨ, ਓਧਰ ਮੰਗਲਵਾਰ ਦਾ ਦਿਨ ਮਹਾਰਾਸ਼ਟਰ ਦੀ ਸਿਆਸਤ ’ਚ ਹਲਚਲ ਭਰਿਆ ਰਿਹਾ।
ਸ਼ਿਵਸੈਨਾ ਊਧਵ ਠਾਕਰੇ ਦੇ ਵਿਧਾਇਕ ਸੁਨੀਲ ਪ੍ਰਭੂ ਨੇ ਜਿੱਥੇ ਸੁਪਰੀਮ ਕੋਰਟ ’ਚ ਰਿੱਟ ਦਾਖਲ ਕਰ ਕੇ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਨੂੰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਬਾਗੀ ਵਿਧਾਇਕਾਂ ਵਿਰੁੱਧ ਜਲਦੀ ਫੈਸਲਾ ਲੈਣ ਦਾ ਹੁਕਮ ਦੇਣ ਦੀ ਅਪੀਲ ਕੀਤੀ ਹੈ, ਓਧਰ ਊਧਵ ਠਾਕਰੇ ਨੇ ਇਸ ਘਟਨਾਕ੍ਰਮ ਨੂੰ ਲੈ ਕੇ ਸਮੁੱਚੇ ਮਹਾਰਾਸ਼ਟਰ ਦਾ ਦੌਰਾ ਕਰਨ ਅਤੇ ਹਰ ਜ?ਿਲੇ ’ਚ ਜਨਤਕ ਮੀਟਿੰਗਾਂ ਕਰਨ ਦਾ ਐਲਾਨ ਕੀਤਾ ਹੈ। ਇਸ ਵਿਚਾਲੇ ਮੰਗਲਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਬੈਠਕ ’ਚ ਰਾਕਾਂਪਾ ਦੇ ਸੰਕਟ ਦੇ ਬਾਵਜੂਦ ਮਹਾਵਿਕਾਸ ਅਘਾੜੀ (ਐੱਮ. ਵੀ. ਏ.) ਦੇ ਵੱਲੋਂ ਮਹਾਰਾਸ਼ਟਰ ’ਚ ਸੂਬਾ ਪੱਧਰੀ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ, ਜਿਸ ਬਾਰੇ ਸ਼ਰਦ ਪਵਾਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਦਰਮਿਆਨ ਬੁੱਧਵਾਰ ਨੂੰ ਸ਼ਰਦ ਪਵਾਰ ਅਤੇ ਅਜੀਤ ਪਵਾਰ ਦੋਵਾਂ ਹੀ ਧਿਰਾਂ ਦੀ ਮੀਟਿੰਗ ਵੱਖ-ਵੱਖ ਹੋ ਰਹੀ ਹੈ, ਜਿਸ ’ਚ ਵਿਰੋਧੀ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਜਾਵੇਗੀ।

ਭਾਜਪਾ ਆਗੂ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ, ‘‘ਕਈ ਦਲ ਰਾਜਗ ’ਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਇਸ ਦੀ ਸ਼ੁਰੂਆਤ ਰਾਕਾਂਪਾ ਨੇ ਕਰ ਦਿੱਤੀ ਹੈ।’’ ਲੋਕਾਂ ਦੀਆਂ ਨਜਰਾਂ ਹੁਣ ਇਸ ’ਤੇ ਟਿਕੀਆਂ ਹਨ ਕਿ ਇਸ ਟੁੱਟ ਪਿੱਛੋਂ ਸ਼ਰਦ ਪਵਾਰ ਦਾ ਅਗਲਾ ਕਦਮ ਕੀ ਹੋਵੇਗਾ? ਅਜੀਤ ਪਵਾਰ ਦੇ ਇਸ ਫੈਸਲੇ ਦਾ ਮਹਾਵਿਕਾਸ ਅਘਾੜੀ ਦੇ ਭਵਿੱਖ ’ਤੇ ਅਤੇ ਅਜੀਤ ਪਵਾਰ ਦੇ ਮਹਾਰਾਸ਼ਟਰ ਸਰਕਾਰ ’ਚ ਸ਼ਾਮਲ ਹੋਣ ਦਾ ਸ਼ਿੰਦੇ ਧੜੇ ’ਤੇ ਕੀ ਪ੍ਰਭਾਵ ਪਵੇਗਾ ਅਤੇ ਅਜੀਤ ਪਵਾਰ ਦਾ ਸਹਾਰਾ ਲੈ ਕੇ 2024 ਦੀਆਂ ਚੋਣਾਂ ’ਚ ਭਾਜਪਾ ਸ਼ਰਦ ਪਵਾਰ ਦੇ ਪ੍ਰਭਾਵ ਵਾਲੇ ਖੇਤਰਾਂ ’ਚ ਕਿੰਨੀ ਪੈਠ ਬਣਾ ਸਕੇਗੀ?