ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਨੇ ਦਰਬਾਰ ਸਾਹਿਬ ਮੱਥਾ ਟੇਕਿਆ
ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸੂਬੇ ਵਿੱਚ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਅਰਦਾਸ ਕੀਤੀ। ਇਸ ਮੌਕੇ ਕੋਈ ਸਿਆਸੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਉਹ ਗੁਰੂਘਰ ਆਸ਼ੀਰਵਾਦ ਲੈਣ ਆਏ ਹਨ ਤਾਂ ਜੋ ਉਹ ਨਵੀਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾ ਸਕਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਗੁਰੂਘਰ ਵਿੱਚ ਅਰਦਾਸ ਕੀਤੀ ਕਿ ਗੁਰੂ ਉਨ੍ਹਾਂ ਨੂੰ ਬਲ ਬਖਸ਼ੇ ਤਾਂ ਜੋ ਉਹ ਸੂਬੇ ਦੇ ਲੋਕਾਂ ਦੀ ਆਵਾਜ਼ ਬਣ ਸਕਣ, ਸੂਬੇ ਦੇ ਹਿੱਤਾਂ ਦੀ ਗੱਲ ਕਰ ਸਕਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਸਕਣ। ਇਸ ਮੌਕੇ ਉਨ੍ਹਾਂ ਅਕਾਲੀ ਭਾਜਪਾ ਗੱਠਜੋੜ ਮੁੜ ਹੋਣ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਭਾਜਪਾ ਆਗੂ ਤਰੁਣ ਚੁੱਘ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਬਨਣ ਦੀ ਦੌੜ ਵਿਚ ਸਨ , ਨੇ ਇਸ ਮਾਮਲੇ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਜਪਾ ਹਾਈ ਕਮਾਂਡ ਦੇ ਫ਼ੈਸਲੇ ਨਾਲ ਹਰ ਕੋਈ ਸਹਿਮਤ ਹੈ ਅਤੇ ਉਨ੍ਹਾਂ ਇੱਕ ਤਜਰਬੇਕਾਰ ਆਗੂ ਨੂੰ ਪੰਜਾਬ ਦੀ ਜ਼ਿੰਮੇਵਾਰ ਸੌਂਪੀ ਹੈ।
ਇਸ ਤੋਂ ਪਹਿਲਾਂ ਜਦੋਂ ਸੁਨੀਲ ਜਾਖੜ ਅੱਜ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ, ਜਿੱਥੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸਾਬਕਾ ਮੰਤਰੀ ਡਾ. ਬਲਦੇਵ ਰਾਜ ਚਾਵਲਾ, ਸੂਬਾ ਸਕੱਤਰ ਐਡਵੋਕੇਟ ਰਾਜੇਸ਼ ਹਨੀ, ਭਾਜਪਾ ਅੰਮ੍ਰਿਤਸਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਹ ਹਵਾਈ ਅੱਡੇ ਤੋਂ ਸਿੱਧੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ। ਮਗਰੋਂ ਉਹ ਭਾਜਪਾ ਦਫ਼ਤਰ ਵੀ ਗਏ ਜਿਥੇ ਉਨ੍ਹਾਂ ਸ਼ਹੀਦ ਹਰਬੰਸ ਲਾਲ ਖੰਨਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਜਾਖੜ ਜੱਲ੍ਹਿਆਂਵਾਲਾ ਬਾਗ ਅਤੇ ਦੁਰਗਿਆਣਾ ਮੰਦਰ ਵੀ ਗਏ। ਇਸ ਤੋਂ ਬਾਅਦ ਉਹ ਸ੍ਰੀ ਰਾਮਤੀਰਥ ਮੰਦਰ ਪੁੱਜੇ, ਜਿੱਥੇ ਮੰਦਰ ਕਮੇਟੀ ਨੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਮਨਜਿੰਦਰ ਸਿੰਘ ਸਿਰਸਾ, ਤਰੁਣ ਚੁੱਘ, ਰਜਿੰਦਰ ਮੋਹਨ ਸਿੰਘ ਛੀਨਾ ਹਾਜ਼ਰ ਸਨ