ਪਿਛਲੇ ਦੋ ਮੁਕਾਬਲਿਆਂ ’ਚ ਹਾਰ ਜਾਣ ਵਾਲੀ ਜ਼ਾਂਬੀਆ ਨੇ ਅੰਤ ਕੋਸਟਾ ਰਿਕਾ ਨੂੰ 2-1 ਨਾਲ ਹਰਾ ਕੇ ਆਪਣੀ ਵਿਸ਼ਵ ਕੱਪ ਮੁਹਿੰਮ ਦਾ ਹਾਂ-ਪੱਖੀ ਅੰਤ ਕੀਤਾ। ਕੋਸਟਾ ਰਿਕਾ ਜਿੱਤ ਦਾ ਸਵਾਦ ਚਖੇ ਬਿਨਾਂ ਹੀ ਟੂਰਨਾਮੈਂਟ 'ਚੋਂ ਬਾਹਰ ਹੋ ਗਈ। ਜ਼ਿਕਰਯੋਗ ਹੈ ਕਿ ਜ਼ਾਂਬੀਆ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ’ਚ ਹਿੱਸਾ ਲੈ ਰਿਹਾ ਸੀ। ਇਹ ਮਹਿਲਾ ਵਿਸ਼ਵ ਕੱਪ ’ਚ ਇਸ ਟੀਮ ਦਾ ਦੂਜਾ ਗੋਲ ਸੀ। ਜ਼ਾਂਬੀਆ ਦਾ ਪਹਿਲਾ ਗੋਲ ਮੈਚ ਦੇ ਤੀਜੇ ਮਿੰਟ ’ਚ ਲੁਸ਼ੋਮੋ ਮਵੇਮਬਾ ਨੇ ਕੀਤਾ ਸੀ।
ਬਾਂਦਾ ਨੇ ਕੀਤਾ ਮਹਿਲਾ ਵਿਸ਼ਵ ਕੱਪ ਦਾ 1000ਵਾਂ ਗੋਲ

ਜ਼ਾਂਬੀਆ ਦੀ ਬਾਰਬਰਾ ਬਾਂਦਾ ਨੇ ਸੋਮਵਾਰ ਨੂੰ ਕੋਸਟਾ ਰਿਕਾ ਵਿਰੁੱਧ ਗਰੁੱਪ-ਸੀ ਮੁਕਾਬਲੇ ਦੇ 31ਵੇਂ ਮਿੰਟ ’ਚ ਪੈਨਲਟੀ ਕਿੱਕ ਨਾਲ ਮਹਿਲਾ ਵਿਸ਼ਵ ਕੱਪ ਇਤਿਹਾਸ ਦਾ 1000ਵਾਂ ਗੋਲ ਕੀਤਾ। ਜ਼ਾਂਬੀਆ ਦੀ 23 ਸਾਲਾ ਕਪਤਾਨ ਨੇ ਆਪਣੇ ਚਲਾਕ ਰਨਅਪ ਨਾਲ ਗੋਲਕੀਪਰ ਡੈਨੀਅਲ ਸੋਲੇਰਾ ਨੂੰ ਝਕਾਨੀ ਦਿੱਤੀ ਤੇ ਆਸਾਨੀ ਨਾਲ ਬਾਲ ਨੂੰ ਗੋਲਪੋਸਟ ’ਚ ਪਹੁੰਚਾ ਦਿੱਤਾ। ਇਸ ਤੋਂ ਤੁਰੰਤ ਬਾਅਦ ਫੀਫਾ ਨੇ ਸੋਸ਼ਲ ਮੀਡੀਆ ’ਤੇ ਬਾਂਦਾ ਲਈ ਵਧਾਈ ਪੋਸਟ ਕਰ ਦਿੱਤੀ।