ਬਿਹਾਰ ’ਚ 2 ਚੀਨੀ ਨਾਗਰਿਕ ਗ੍ਰਿਫ਼ਤਾਰ

ਬਿਹਾਰ ’ਚ 2 ਚੀਨੀ ਨਾਗਰਿਕ ਗ੍ਰਿਫ਼ਤਾਰ
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਬਿਹਾਰ ’ਚ 2 ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇਕ ਮਹੀਨੇ ਤੋਂ ਘੱਟ ਸਮੇਂ ’ਚ ਦੂਜੀ ਵਾਰ ਨੇਪਾਲ ਦੇ ਰਸਤੇ ਭਾਰਤੀ ਖੇਤਰ ’ਚ ਦਾਖ਼ਲ ਹੋ ਗਏ ਸਨ। ਸਹਾਇਕ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਅਫਸਰ ਐੱਸ.ਕੇ. ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਬੀ ਚੰਪਾਰਣ ਜ਼ਿਲ੍ਹੇ ’ਚ ਸਥਿਤ ਰਕਸੌਲ ਸਰਹੱਦੀ ਚੌਕੀ ’ਤੇ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਵਿਦੇਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਂ ਝਾਓ ਜਿੰਗ ਅਤੇ ਫੂ ਕਾਂਗ ਹਨ ਅਤੇ ਉਹ ਦੋਵੇਂ ਚੀਨ ਦੇ ਜਾਓਸਿੰਗ ਪ੍ਰਾਂਤ ਦੇ ਰਹਿਣ ਵਾਲੇ ਹਨ। ਦੋਵਾਂ ਕੋਲ ਜਾਇਜ਼ ਯਾਤਰਾ ਦਸਤਾਵੇਜ਼ ਨਹੀਂ ਸਨ ਅਤੇ ਉਨ੍ਹਾਂ ਦਾ ਦਾਅਵਾ ਸੀ ਕਿ ਉਹ ਪਾਸਪੋਰਟ ਸਰਹੱਦ ਪਾਰ ਬੀਰਗੰਜ ਦੇ ਇਕ ਹੋਟਲ ’ਚ ਭੁੱਲ ਆਏ ਹਨ, ਜਿੱਥੇ ਉਹ ਬੀਤੀ ਰਾਤ ਰੁਕੇ ਸਨ। ਉਹ ਇਕ ਆਟੋਰਿਕਸ਼ਾ ਰਾਹੀਂ ਸਰਹੱਦ ’ਤੇ ਪੁੱਜੇ ਸਨ ਅਤੇ ਪੈਦਲ ਭਾਰਤੀ ਖੇਤਰ ’ਚ ਦਾਖਲ ਹੋਣ ਦੀ ਉਨ੍ਹਾਂ ਨੇ ਕੋਸ਼ਿਸ਼ ਕੀਤੀ। ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਰਿਕਾਰਡ ਅਨੁਸਾਰ ਚੀਨੀ ਨਾਗਰਿਕਾਂ ਨੇ ਇਸ ਤੋਂ ਪਹਿਲਾਂ 2 ਜੁਲਾਈ ਨੂੰ ਵੀ ਭਾਰਤੀ ਖੇਤਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ।