ਰਵਨੀਤ ਬਿੱਟੂ ਨੇ ਰਾਜ ਸਭਾ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਬਿੱਟੂ ਇੱਥੇ ਵਿਧਾਨ ਸਭਾ ਭਵਨ ਪਹੁੰਚੇ ਅਤੇ ਚੋਣ ਅਧਿਕਾਰੀ ਮਹਾਵੀਰ ਪ੍ਰਸਾਦ ਸ਼ਰਮਾ ਦੇ ਦਫ਼ਤਰ 'ਚ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਉੱਪ ਮੁੱਖ ਮੰਤਰੀ ਪ੍ਰੇਮਚੰਦ ਬੈਰਵਾ ਅਤੇ ਦੀਆ ਕੁਮਾਰੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਗਾਰਾਮ ਪਟੇਲ ਵੀ ਮੌਜੂਦ ਸਨ। ਵਿਧਾਨ ਸਭਾ 'ਚ ਉਨ੍ਹਾਂ ਨੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ 'ਚ ਵੀ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਉਮੀਦਵਾਰ ਬਣਾਉਣ ਲਈ ਪਾਰਟੀ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਸਮੇਤ ਹੋਰ ਆਗੂਆਂ ਤੇ ਵਿਧਾਇਕਾਂ ਨੇ ਬਿੱਟੂ ਨੂੰ ਵਧਾਈ ਦਿੱਤੀ। ਸ਼ਰਮਾ ਨੇ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਦਨ ਰਾਠੌੜ ਵੀ ਮੌਜੂਦ ਸਨ। ਨਾਮਜ਼ਦਗੀ ਤੋਂ ਬਾਅਦ ਬਿੱਟੂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਸ਼ਰਮਾ ਨੇ 'ਐਕਸ' 'ਤੇ ਲਿਖਿਆ,''ਮੈਂ ਰਾਜਸਥਾਨ ਤੋਂ ਰਾਜ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਅਤੇ ਮਾਨਯੋਗ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਹਾਜ਼ਰ ਰਿਹਾ। ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੀ ਵਿਸ਼ੇਸ਼ ਕਾਰਜਸ਼ੈਲੀ ਨਾ ਸਿਰਫ਼ ਪ੍ਰਦੇਸ਼ ਸਗੋਂ ਪੂਰੇ ਦੇਸ਼ ਦੀ ਵਿਕਾਸ ਯਾਤਰਾ ਨੂੰ ਗਤੀ ਪ੍ਰਦਾਨ ਕਰੇਗੀ।''