ਅਕਾਲੀ ਦਲ ਦੀ ਭਰਤੀ ਮੁਹਿੰਮ
ਸ਼੍ਰੋਮਣੀ ਅਕਾਲੀ ਦਲ ਨੂੰ ਦਰਪੇਸ਼ ਸੰਕਟ ਸੁਲਝਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਾਰੀ ਹੋਏ ਦੋ ਦਸੰਬਰ ਦੇ ਇਤਿਹਾਸਕ ਹੁਕਮਨਾਮੇ ਤੋਂ ਕਰੀਬ ਦੋ ਮਹੀਨਿਆਂ ਬਾਅਦ ਪਾਰਟੀ ਦੇ ਨਵੇਂ ਢਾਂਚੇ ਦੀ ਉਸਾਰੀ ਦੀ ਪ੍ਰਕਿਰਿਆ ’ਤੇ ਨਿਗਰਾਨੀ ਲਈ ਕਾਇਮ ਕੀਤੀ ਸੱਤ ਮੈਂਬਰੀ ਕਮੇਟੀ ਦੀ ਮੰਗਲਵਾਰ ਨੂੰ ਪਟਿਆਲਾ ਵਿੱਚ ਹੋਈ ਪਲੇਠੀ ਮੀਟਿੰਗ ਅਹਿਮ ਪਹਿਲਕਦਮੀ ਕਰਨ ਵਿੱਚ ਸਫਲ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕਾਇਮ ਕੀਤੀ ਗਈ ਇਸ ਕਮੇਟੀ ਦੇ ਕਾਰਗਰ ਹੋਣ ਬਾਰੇ ਉਦੋਂ ਸ਼ੰਕੇ ਉੱਭਰਨੇ ਸ਼ੁਰੂ ਹੋ ਗਏ ਸਨ ਜਦੋਂ ਸ਼੍ਰੋਮਣੀ ਅਕਾਲੀ ਦਲ ’ਤੇ ਭਾਰੂ ਲੀਡਰਸ਼ਿਪ ਨੇ ਇਹ ਕਹਿੰਦਿਆਂ ਨਾਂਹ ਨੁੱਕਰ ਕੀਤੀ ਸੀ ਕਿ ਜੇ ਪਾਰਟੀ ਦੀ ਨਵੀਂ ਮੈਂਬਰਸ਼ਿਪ ਮੁਹਿੰਮ ਅਕਾਲ ਤਖ਼ਤ ਦੀ ਥਾਪੀ ਕਮੇਟੀ ਦੀ ਨਿਰਦੇਸ਼ਨਾ ਹੇਠ ਚਲਾਈ ਜਾਂਦੀ ਹੈ ਤਾਂ ਇਸ ਨਾਲ ਪਾਰਟੀ ਦੀ ਚੁਣਾਵੀ ਮਾਨਤਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਮਹੀਨੇ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ਨੂੰ ਆਪਣੇ ਢੰਗ ਨਾਲ ਜ਼ਿੰਮੇਵਾਰੀਆਂ ਸੌਂਪ ਕੇ ਨਵੀਂ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕਰ ਦਿੱਤਾ ਸੀ ਜੋ 20 ਫ਼ਰਵਰੀ ਨੂੰ ਮੁਕੰਮਲ ਹੋਣੀ ਹੈ। ਮੰਗਲਵਾਰ ਦੀ ਮੀਟਿੰਗ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਦੇ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿੱਚ ਜੋ ਨੁਕਤਾ ਬਿਆਨ ਕੀਤਾ ਗਿਆ ਹੈ, ਉਹ ਅਕਾਲੀ ਰਾਜਨੀਤੀ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਅਹਿਮ ਗਿਣਿਆ ਜਾ ਸਕਦਾ ਹੈ। ਇਸ ਮੁਤਾਬਿਕ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਉਹ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਿਕ ਆਪਣੀ ਭਰਤੀ ਮੁਹਿੰਮ ਚਲਾਉਣਾ ਚਾਹੁੰਦਾ ਹੈ। ਇਸ ਸਬੰਧ ਵਿੱਚ ਕਮੇਟੀ ਨੇ 11 ਫ਼ਰਵਰੀ ਨੂੰ ਆਪਣੀ ਅਗਲੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਸੱਦਿਆ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਾਬਜ਼ ਧੜਾ ਇਸ ਦਲੀਲ ਦਾ ਕਾਇਲ ਰਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਪੰਥ ਦੇ ਮੁੱਦਿਆਂ ਮੁਤੱਲਕ ਸਿੰਘ ਸਾਹਿਬਾਨ ਨੂੰ ਕਿਸੇ ਕਿਸਮ ਦੀਆਂ ਸਿਆਸੀ ਸੇਧਾਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਪਰ ਪਾਰਟੀ ਇਸ ਮਾਮਲੇ ’ਤੇ ਸਪਸ਼ਟ ਸਟੈਂਡ ਲੈਣ ਵਿੱਚ ਨਾਕਾਮ ਰਹੀ ਅਤੇ ਇਸ ਨੇ ਇੱਕ ਪਾਸੇ ਜਿੱਥੇ ਆਪਣੇ ਢੰਗ ਨਾਲ ਮੈਂਬਰਸ਼ਿਪ ਮੁਹਿੰਮ ਵਿੱਢਣ ਦਾ ਐਲਾਨ ਕਰ ਦਿੱਤਾ, ਦੂਜੇ ਪਾਸੇ ਇਹ ਪ੍ਰਭਾਵ ਦੇਣ ਤੋਂ ਵੀ ਗੁਰੇਜ਼ ਕੀਤਾ ਕਿ ਇਹ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਮੰਨ ਕੇ ਲਾਗੂ ਕਰਨ ਤੋਂ ਇਨਕਾਰੀ ਹੈ। ਇਸੇ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇੱਕ ਤੋਂ ਵੱਧ ਵਾਰ ਇਹ ਸਪਸ਼ਟ ਕਰਨਾ ਪਿਆ ਕਿ ਦੋ ਦਸੰਬਰ ਦੇ ਹੁਕਮਨਾਮੇ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੀ ਇੰਨ-ਬਿੰਨ ਪਾਲਣਾ ਕਰਨੀ ਪਵੇਗੀ। ਹਾਲ ਹੀ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਹਨ ਜਿਨ੍ਹਾਂ ਵਿੱਚ ਸਿੱਖ ਸੰਗਤ ਨੇ ਸਾਰੇ ਸਥਾਪਿਤ ਧਡਿਆਂ ਨੂੰ ਰੱਦ ਕਰ ਕੇ ਬਹੁਗਿਣਤੀ ਆਜ਼ਾਦ ਉਮੀਦਵਾਰਾਂ ਨੂੰ ਜਿਤਾਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਸਾਲ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਪਿਛਲੇ ਕਰੀਬ ਅੱਠ ਸਾਲਾਂ ਤੋਂ ਸੱਤਾ ’ਚੋਂ ਬਾਹਰ ਹੈ ਜਿਸ ਕਰ ਕੇ ਇਸ ਨੂੰ ਅਜਿਹਾ ਕੋਈ ਵੀ ਕਦਮ ਵਾਰਾ ਨਹੀਂ ਖਾਵੇਗਾ ਜਿਸ ਨਾਲ ਇਹ ਆਪਣੇ ਰਵਾਇਤੀ ਵੋਟ ਬੈਂਕ ਤੋਂ ਟੁੱਟੇ। ਇਸ ਦੇ ਸਨਮੁੱਖ ਅਕਾਲੀ ਦਲ ਨੂੰ ਆਪਣੇ ਅੰਦਰੂਨੀ ਸੰਕਟਾਂ ਨੂੰ ਹੱਲ ਕਰਨ ਲਈ ਵਧੇਰੇ ਹਕੀਕਤਪਸੰਦ ਅਤੇ ਰਵਾਦਾਰੀ ਵਾਲਾ ਰਾਹ ਅਖ਼ਤਿਆਰ ਕਰਨਾ ਪੈ ਸਕਦਾ ਹੈ।