ਤਕਨਾਲੋਜੀ, ਚੇਤਨਤਾ ਅਤੇ ਜਮਾਤੀ ਸੰਘਰਸ਼

ਤਕਨਾਲੋਜੀ, ਚੇਤਨਤਾ ਅਤੇ ਜਮਾਤੀ ਸੰਘਰਸ਼

 

ਤਕਨਾਲੋਜੀ ਦੇ ਖੇਤਰ ਵਿੱਚ ਤੇਜ ਰਫਤਾਰ ਤਬਦੀਲੀਆਂ ਨਾਲ ਅਨਿਸ਼ਚਿਤਤਾ ਵਧਦੀ ਹੈ ਅਤੇ ਆਰਥਿਕ ਤੇ ਸਮਾਜਿਕ ਸਮਤੋਲ ਵਿਗੜਦੇ ਹਨ। ਇਤਿਹਾਸ ਦੇ ਵੱਖ-ਵੱਖ ਪੜਾਵਾਂ ’ਤੇ ਤਕਨਾਲੋਜੀ ਦੇ ਵਿਕਾਸ ਤੇ ਸਮਾਜਿਕ ਚੇਤਨਾ ਵਿਚਕਾਰ ਰਿਸ਼ਤੇ ਵੱਖ-ਵੱਖ ਤਰ੍ਹਾਂ ਦੇ ਰਹੇ ਹਨ। ਇਹ ਲੇਖ ਪਿਛਲੀਆਂ ਕੁਝ ਸਦੀਆਂ ਦੇ ਵਿਕਾਸ ਨੂੰ ਚਾਰ ਪੜਾਵਾਂ ਵਿੱਚ ਵੰਡ ਕੇ ਦੇਖਣ ਦੇ ਨਾਲ-ਨਾਲ ਸਮਾਜਿਕ ਚੇਤਨਾ ਉੱਤੇ ਇਸ ਪ੍ਰਭਾਵਾਂ ’ਤੇ ਰੌਸ਼ਨੀ ਪਾਉਂਦਾ ਹੈ। ਸਰਮਾਏਦਾਰੀ ਦੇ ਦੌਰ ਵਿੱਚ ਤਕਨਾਲੋਜੀ ਦੇ ਵਿਕਾਸ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ। ਇਸ ਵਾਧੇ ਨਾਲ ਉਤਪਾਦਨ ਦੇ ਸਾਧਨਾਂ ਖਾਸਕਰ ਪੂੰਜੀ ਦੀ ਮਿਕਦਾਰ ਅਤੇ ਗੁਣਵੱਤਾ ਵਿੱਚ ਗਿਣਨਯੋਗ ਇਜਾਫਾ ਹੋਇਆ ਹੈ। ਇਸ ਨਾਲ ਉਤਪਾਦਨ ਦਾ ਪੈਮਾਨਾ ਕਾਫੀ ਵਧ ਗਿਆ ਹੈ। ਪ੍ਰਤੀ ਕਿਰਤੀ ਉਤਪਾਦਕਤਾ ਕਈ ਗੁਣਾ ਵਧ ਗਈ ਅਤੇ ਉਤਪਾਦਕ ਇਕਾਈਆਂ ਵਿੱਚ ਕੰਮ ਕਰਨ ਵਾਲਿਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਨੋਟ ਕੀਤਾ ਗਿਆ ਹੈ। ਮੁੱਢਲੇ ਸਮੇਂ ਵਿੱਚ ਜਦੋਂ ਵੱਡੀ ਗਿਣਤੀ ਵਿੱਚ ਇੱਕ ਜਗ੍ਹਾ ’ਤੇ ਕਿਰਤੀ ਕੰਮ ਕਰਨ ਲੱਗ ਪਏ ਤਾਂ ਇੱਕ ਦੂਜੇ ਨਾਲ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕਰਨ ਲੱਗੇ। ਇਸ ਵਿੱਚੋਂ ਟਰੇਡ ਯੂਨੀਅਨਾਂ ਪੈਦਾ ਹੋਈਆਂ ਅਤੇ ਮਜਦੂਰਾਂ ਦੇ ਸੰਘਰਸਾਂ ਦਾ ਦੌਰ ਸ਼ੁਰੂ ਹੋਇਆ। ਤਕਨਾਲੋਜੀ ਦੇ ਵਿਕਾਸ ਨਾਲ ਉਤਪਾਦਨ ਦਾ ਪੱਧਰ, ਗੁਣਵੱਤਾ ਅਤੇ ਮਿਕਦਾਰ ਬਦਲਦੇ ਗਏ, ਪਰ ਕਿਰਤੀਆਂ ਦੀ ਚੇਤਨਤਾ ਦਾ ਪੱਧਰ ਲੋੜੀਂਦੀ ਰਫਤਾਰ ਨਹੀਂ ਫੜ ਸਕਿਆ। ਇਸ ਦੇ ਉਲਟ ਸਰਮਾਏ ਦੇ ਮਾਲਕਾਂ ਵਿੱਚ ਵੱਧ ਚੇਤਨਤਾ ਪੈਦਾ ਹੋਈ ਹੈ ਅਤੇ ਉਨ੍ਹਾਂ ਦੇ ਹੱਥ ਵਿੱਚ ਨਵੀਂ ਤਕਨਾਲੋਜੀ ਕਿਰਤੀਆਂ ਨੂੰ ਕੰਟਰੋਲ ਵਾਸਤੇ ਇੱਕ ਹਥਿਆਰ ਬਣ ਕੇ ਉੱਭਰੀ ਹੈ। ਇਸ ਹਥਿਆਰ ਨੂੰ ਮਿਹਨਤਕਸ ਲੋਕ ਵੀ ਆਪਣੇ ਸੰਘਰਸਾਂ ਵਿੱਚ ਵਰਤ ਕੇ ਇੱਕ ਨਵੇਂ ਸਮਾਜ ਦੀ ਉਸਾਰੀ ਵੱਲ ਵਧ ਸਕਦੇ ਹਨ ਬਸਰਤੇ ਉਹ ਚੇਤੰਨ ਹੋਣ। ਇਸ ਕਰਕੇ ਤਕਨਾਲੋਜੀ ਦੇ ਵਿਕਾਸ ਦੇ ਵੱਖ ਵੱਖ ਦੌਰਾਂ ਵਿੱਚ ਕਿਰਤੀਆਂ ਤੇ ਮਾਲਕਾਂ ਦੀ ਚੇਤਨਤਾ ਦੇ ਪੱਧਰ ਅਤੇ ਫਰਕ ਨੂੰ ਸਮਝਣ ਦੀ ਜਰੂਰਤ ਹੈ। ਤਕਨਾਲੋਜੀ ਦੇ ਵਿਕਾਸ ਨੂੰ ਸਰਮਾਏਦਾਰੀ ਸਿਸਟਮ ਵਿੱਚ ਚਾਰ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ। ਇਨ੍ਹਾਂ ਨੂੰ ਅਰਥ ਸ਼ਾਸਤਰੀ ਚਾਰ ਸਨਅਤੀ ਇਨਕਲਾਬ ਵੀ ਆਖਦੇ ਹਨ। ਪਹਿਲਾ ਦੌਰ ਕੱਪੜਾ ਉਦਯੋਗ ਵਿੱਚ ਅਠਾਰਵੀਂ ਸਦੀ ਦੇ ਅਖੀਰ ਵਿੱਚ ਆਟੋਮੇਸਨ ਨਾਲ ਬਰਤਾਨੀਆ ਵਿੱਚ ਸੁਰੂ ਹੋਇਆ ਸੀ। ਇਸ ਨਾਲ ਵੱਡੀਆਂ ਵੱਡੀਆਂ ਉਦਯੋਗਿਕ ਇਕਾਈਆਂ ਹੋਂਦ ਵਿੱਚ ਆਈਆਂ। ਹਰੇਕ ਵੱਡੀ ਇਕਾਈ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਮਜਦੂਰ ਕੰਮ ਕਰਨ ਲੱਗੇ ਸਨ। ਕੰਮ ਦੇ ਕਠੋਰ ਹਾਲਾਤ, ਕੰਮ ਦੇ ਵੱਧ ਘੰਟੇ ਅਤੇ ਘੱਟ ਉਜਰਤਾਂ ਦੇ ਸਵਾਲਾਂ ਨੇ ਮਜਦੂਰਾਂ ਨੂੰ ਸੰਗਠਿਤ ਹੋਣ ਦੇ ਰਸਤੇ ਪਾਇਆ। ਇਸ ਨਾਲ ਕਿਰਤੀਆਂ ਵਿੱਚ ਟਰੇਡ ਯੂਨੀਅਨਾਂ ਬਾਰੇ ਚੇਤਨਤਾ ਅਤੇ ਲਹਿਰ ਤੇਜੀ ਨਾਲ ਫੈਲ ਗਈ। ਇਸ ਦੌਰ ਦਾ ਵਿਆਪਕ ਅਧਿਐਨ ਕਾਰਲ ਮਾਰਕਸ ਅਤੇ ਉਸ ਦੇ ਸਹਿਯੋਗੀ ਫਰੈਡਰਿਕ ਏਂਗਲਜ ਨੇ ਕੀਤਾ ਸੀ। ਦੂਜਾ ਦੌਰ ਵੀਹਵੀਂ ਸਦੀ ਦੇ ਸੁਰੂ ਵਿੱਚ ਅਮਰੀਕਾ ਵਿੱਚ ਸ਼ੁਰੂ ਹੋਇਆ। ਇਸ ਸਮੇਂ ਦੌਰਾਨ ਉਦਯੋਗਿਕ ਉਤਪਾਦਨ ਵਿੱਚ ਲੇਟਵੇਂ ਅਤੇ ਖੜ੍ਹਵੇਂ ਅਸੈਂਬਲੀ ਲਾੲਂਨ ਦੇ ਜੋੜ ਵਿੱਚ ਖੋਜਾਂ ਹੋਈਆਂ ਜਿਸ ਨਾਲ ਇੱਕ ਵੱਡੀ ਕੰਪਨੀ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਕਾਰੋਬਾਰ ਕਰਨ ਵਿੱਚ ਕਾਮਯਾਬ ਹੋਣ ਦੇ ਸਮਰੱਥ ਹੋ ਸਕਦੀ ਸੀ। ਇਸ ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਦਿਓ ਕੱਦ ਕੰਪਨੀਆਂ ਹੋਂਦ ਵਿੱਚ ਆਈਆਂ। ਇਨ੍ਹਾਂ ਕੰਪਨੀਆਂ ਨੇ ਕਈ ਵਸਤਾਂ ਦੇ ਉਤਪਾਦਨ ਵਿੱਚ ਏਕਾਧਿਕਾਰ ਕਰ ਲਿਆ। ਇਹ ਸਮਾਂ ਅਜਾਰੇਦਾਰੀ ਸਰਮਾਏਦਾਰੀ ਦਾ ਸੀ ਜਿਸ ਦਾ ਅਧਿਐਨ ਲੈਨਿਨ ਨੇ ਕੀਤਾ ਸੀ। ਇਸ ਨੂੰ ਸਾਮਰਾਜਵਾਦ ਦਾ ਦੌਰ ਵੀ ਕਿਹਾ ਜਾਂਦਾ ਹੈ। ਇਸ ਸਮੇਂ ਵਿੱਚ ਰੂਸ ਦਾ ਇਨਕਲਾਬ 1917 ਵਿੱਚ ਆਇਆ ਅਤੇ ਸੋਵੀਅਤ ਯੂਨੀਅਨ ਦੇ ਹੋਂਦ ਵਿੱਚ ਆਉਣ ਨਾਲ ਦੁਨੀਆਂ ਦੋ ਧੜਿਆਂ ਵਿੱਚ ਵੰਡੀ ਗਈ ਸੀ। ਇਸ ਦੌਰ ਵਿੱਚ ਬਸਤੀਵਾਦ ਖਿਲਾਫ ਲਹਿਰਾਂ ਉੱਠੀਆਂ ਅਤੇ ਬਸਤੀਵਾਦ ਦਾ ਖਾਤਮਾ ਹੋ ਗਿਆ। ਤੀਜਾ ਦੌਰ ਵੀਹਵੀਂ ਸਦੀ ਦੇ ਅਖੀਰ ਵਿੱਚ ਦੂਰਸੰਚਾਰ ਤਕਨਾਲੋਜੀ ਦੇ ਵਿਕਾਸ ਨਾਲ ਜੁੜਿਆ ਹੈ। ਇਸ ਨਾਲ ਇੰਟਰਨੈੱਟ ਅਤੇ ਡਿਜੀਟਲ ਤਕਨਾਲੋਜੀ ਵਰਤ ਕੇ ਉਤਪਾਦਨ ਵਿੱਚ ਰੋਬੋਟ ਅਤੇ ਮਸਨੂਈ ਬੁੱਧੀ ਰਾਹੀਂ ਉਤਪਾਦਨ ਅਤੇ ਪ੍ਰਬੰਧ ਕਰਨਾ ਸੰਭਵ ਹੋ ਗਿਆ। ਇਸ ਸਮੇਂ ਦੌਰਾਨ ਸਰਮਾਏ ਦੇ ਵਿਸਵੀਕਰਨ ਵਿੱਚ ਚੋਖਾ ਇਜਾਫਾ ਹੋਇਆ ਹੈ। ਸੋਵੀਅਤ ਯੂਨੀਅਨ ਦੇ ਖਾਤਮੇ ਨਾਲ ਅਮਰੀਕਾ ਦੀ ਬੇਰੋਕ ਸਰਦਾਰੀ ਕਾਇਮ ਹੋਈ ਅਤੇ ਸਰਮਾਏਦਾਰੀ ਖਿਲਾਫ ਲਹਿਰਾਂ ਦੀ ਚੇਤਨਤਾ ਵਿੱਚ ਖੜੋਤ ਤੇ ਥਿੜਕਣ ਪੈਦਾ ਹੋਣ ਲੱਗੀ ਸੀ।ਚੌਥੇ ਦੌਰ ਦੀ ਸੁਰੂਆਤ ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਸੁਰੂ ਹੋ ਕੇ ਤੇਜੀ ਨਾਲ ਫੈਲ ਗਈ ਹੈ। ਇਸ ਸਮੇਂ ਵਿੱਚ ਡਿਜੀਟਲ ਤਕਨਾਲੋਜੀ ਨਾਲ ਆਮ ਲੋਕਾਂ ਦੇ ਰਹਿਣ-ਸਹਿਣ ਅਤੇ ਕੰਮ-ਕਾਰ ਨੂੰ ਬਦਲਿਆ ਜਾ ਰਿਹਾ ਹੈ। ਦੂਰ-ਦੁਰਾਡੇ ਬੈਠ ਕੇ ਕੰਮ ਕੀਤਾ ਜਾ ਸਕਦਾ ਹੈ ਅਤੇ ਉਸ ਦਾ ਪ੍ਰਬੰਧ ਵੀ ਦੂਰੋਂ ਹੀ ਵੇਖਿਆ ਜਾ ਸਕਦਾ ਹੈ। ਨਵੀਂ ਤਕਨਾਲੋਜੀ ਸਦਕਾ ਉਤਪਾਦਨ ਅਤੇ ਪ੍ਰਬੰਧ ਵਾਸਤੇ ਕਾਫੀ ਨਵੀਆਂ ਸੰਭਾਵਨਾਵਾਂ ਪੈਦਾ ਹੋਈਆਂ ਹਨ। ਤਕਨਾਲੋਜੀ ਨੇ ਕਾਰੋਬਾਰ ਨੂੰ ਵਿਸਵ ਪੱਧਰ ’ਤੇ ਬਹੁਤ ਤਾਕਤਵਰ ਬਣਾ ਦਿੱਤਾ ਹੈ। ਇਸ ਕਾਰਨ ਬਹੁਤ ਸਾਰੀਆਂ ਨੌਕਰੀਆਂ ਅਤੇ ਕੰਮਕਾਜ ਖਤਮ ਹੋਣ ਦਾ ਖਦਸਾ ਜਾਹਰ ਕੀਤਾ ਜਾ ਰਿਹਾ ਹੈ। ਇਸ ਵਰਤਾਰੇ ਨੇ ਆਮ ਲੋਕਾਂ ਦੇ ਮਨਾਂ ਵਿੱਚ ਕਾਫੀ ਅਨਿਸਚਿਤਤਾ ਪੈਦਾ ਕਰ ਦਿੱਤੀ ਹੈ। ਇਹ ਤਕਨਾਲੋਜੀ ਲੋਕਾਂ ਦੇ ਰਹਿਣ-ਸਹਿਣ ਤੇ ਕੰਮਕਾਜ ਦੇ ਤਰੀਕੇ ਨੂੰ ਬਦਲ ਰਹੀ ਹੈ। ਉਹ ਆਪਣੇ ਭਵਿੱਖ ਬਾਰੇ ਕਾਫੀ ਚਿੰਤਤ ਹਨ। ਇਸ ਤੋਂ ਵੀ ਜ?ਿਆਦਾ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਜ?ਿਆਦਾ ਫ?ਿਕਰਮੰਦ ਹਨ। ਵਿਕਸਿਤ ਦੇਸਾਂ ਵਿੱਚ ਇਸ ਤਕਨਾਲੋਜੀ ਦੀ ਵੱਧ ਵਰਤੋਂ ਕਾਰਨ ਕਾਫੀ ਕੰਮ ਮਨੁੱਖ ਰਹਿਤ ਮਸੀਨਾਂ ਕਰਨ ਲੱਗੀਆਂ ਹਨ। ਭਾਰਤ ਵਰਗੇ ਵਿਕਾਸਸੀਲ ਦੇਸਾਂ ਵਿੱਚ ਇਸ ਦਾ ਅਸਰ ਬੈਂਕਾਂ ਅਤੇ ਵਿੱਤੀ ਸੇਵਾਵਾਂ ’ਤੇ ਪਿਆ ਹੈ, ਪਰ ਖੇਤੀ ਅਤੇ ਹੋਰ ਖੇਤਰਾਂ ਵਿੱਚ ਮਸੀਨੀਕਰਨ ਨਾਲ ਰੁਜਗਾਰ ਦੇ ਮੌਕੇ ਬਹੁਤ ਘਟ ਗਏ ਹਨ। ਜ?ਿਆਦਾ ਗੰਭੀਰ ਸਥਿਤੀ ਆਰਥਿਕ ਵਰਤਾਰੇ ਨੇ ਕਰ ਦਿੱਤੀ ਹੈ। ਵਿਸਵ ਦੇ ਲਗਭਗ ਸਾਰੇ ਦੇਸਾਂ ਵਿੱਚ ਆਮਦਨ ਅਤੇ ਆਰਥਿਕ ਸਾਧਨਾਂ ਦੀ ਵੰਡ ਵਿੱਚ ਗੈਰ-ਬਰਾਬਰੀ ਅੰਬਰੀਂ ਚੜ੍ਹ ਗਈ ਹੈ। ਦੇਸਾਂ ਵਿੱਚ ਕਾਰਪੋਰੇਟ ਘਰਾਣਿਆਂ ਕੋਲ ਆਮਦਨ ਅਤੇ ਦੌਲਤ ਦੇ ਅਥਾਹ ਭੰਡਾਰ ਇਕੱਠੇ ਹੋ ਗਏ ਹਨ। ਸਰਮਾਏ ਦੇ ਮਾਲਕ ਵਿਸਵ ਦੀ ਆਬਾਦੀ ਦੇ ਇੱਕ ਫੀਸਦੀ ਤੋਂ ਵੀ ਘੱਟ ਹਨ, ਪਰ ਧਨ ਦੌਲਤ ਦਾ ਵੱਡਾ ਹਿੱਸਾ ਇਨ੍ਹਾਂ ਕੋਲ ਇਕੱਠਾ ਹੋ ਗਿਆ ਹੈ। ਇਸ ਦਾ ਖੁਲਾਸਾ ਥਾਮਸ ਪਿਕਟੀ ਦੀ ਕਿਤਾਬ 2017) ਵਿੱਚ ਵਿਸਥਾਰ ਨਾਲ ਕੀਤਾ ਗਿਆ ਹੈ। ਪਿਕਟੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਰਲਡ ਇਨਇਕੁਐਲਿਟੀ ਰਿਪੋਰਟ 2022 ਵਿੱਚ ਇਹ ਖੁਲਾਸਾ ਕੀਤਾ ਕਿ ਵਿਸਵ ਦੀ ਸਮੂਹ ਆਰਥਿਕਤਾ ਵਿੱਚ ਉਪਰਲੇ 10 ਫੀਸਦੀ ਅਮੀਰ ਲੋਕਾਂ ਕੋਲ ਆਮਦਨ ਦਾ 52 ਫੀਸਦੀ ਅਤੇ ਧਨ ਦੌਲਤ ਦਾ 76 ਫੀਸਦੀ ਹਿੱਸਾ ਇਕੱਠਾ ਹੋ ਗਿਆ ਹੈ। ਦੂਜੇ ਪਾਸੇ ਹੇਠਲੇ 50 ਫੀਸਦੀ ਗਰੀਬ ਲੋਕਾਂ ਕੋਲ ਆਮਦਨ ਦਾ ਸਿਰਫ 8.5 ਫੀਸਦੀ ਅਤੇ ਧਨ ਦੌਲਤ ਦਾ 2 ਫੀਸਦੀ ਹਿੱਸਾ ਹੀ ਰਹਿ ਗਿਆ ਹੈ। ਭਾਰਤ ਵਿੱਚ ਉਪਰਲੇ 10 ਫੀਸਦੀ ਅਮੀਰਾਂ ਕੋਲ ਕੁੱਲ ਆਮਦਨ ਦਾ 57.1 ਫੀਸਦੀ ਅਤੇ ਧਨ ਦੌਲਤ ਦਾ 64.1 ਫੀਸਦੀ ਇਕੱਠਾ ਹੋ ਗਿਆ ਹੈ। ਦੂਜੇ ਪਾਸੇ ਹੇਠਲੇ 50 ਫੀਸਦੀ ਗਰੀਬ ਲੋਕਾਂ ਕੋਲ ਆਮਦਨ ਦਾ 13.1 ਫੀਸਦੀ ਅਤੇ ਧਨ ਦੌਲਤ ਦਾ 5.9 ਫੀਸਦੀ ਹਿੱਸਾ ਰਹਿ ਗਿਆ ਹੈ। ਅਜਿਹੀ ਸਥਿਤੀ ਦੁਨੀਆ ਦੇ ਹੋਰ ਦੇਸਾਂ ਵਿੱਚ ਵੀ ਪੈਦਾ ਹੋ ਗਈ ਹੈ। ਇਸ ਗੈਰ-ਬਰਾਬਰੀ ਨੂੰ 1980ਵਿਆਂ ਤੋਂ ਬਾਅਦ ਨੀਤੀਘਾੜਿਆਂ ਨੇ ਕਾਰਪੋਰੇਟ ਪੱਖੀ ਟੈਕਸ ਵਿੱਚ ਕਟੌਤੀਆਂ ਕਾਰਨ ਜਾਣਬੁੱਝ ਕੇ ਵਧਾਇਆ ਹੈ। ਇਨ੍ਹਾਂ ਕੰਪਨੀਆਂ ਨੂੰ ਲਗਾਤਾਰ ਦਿੱਤੀਆਂ ਸਬਸਿਡੀਆਂ ਨੇ ਇਸ ਅਸਮਾਨਤਾ ਨੂੰ ਹੋਰ ਵਧਾ ਦਿੱਤਾ ਹੈ। ਸਰਕਾਰੀ ਖਰਚੇ ਪੂਰੇ ਕਰਨ ਵਾਸਤੇ ਆਮ ਲੋਕਾਂ ’ਤੇ ਟੈਕਸ ਦਾ ਭਾਰ ਵਧਾਇਆ ਗਿਆ ਹੈ। ਕਾਰਪੋਰੇਟ ਘਰਾਣਿਆਂ ਵੱਲੋਂ ਪੈਦਾ ਕੀਤੀਆਂ ਵਸਤਾਂ ਦੇ ਭਾਅ ਵੀ ਲਗਾਤਾਰ ਵਧਾਏ ਗਏ ਹਨ। ਕਿਸਾਨਾਂ ਦੀਆਂ ਜਿਣਸਾਂ ਦੇ ਵਾਜਬ ਭਾਅ ਨਹੀਂ ਦਿੱਤੇ ਗਏ ਅਤੇ ਕਿਰਤੀਆਂ ਦੀਆਂ ਉਜਰਤਾਂ ਵਿੱਚ ਵੀ ਲੋੜੀਂਦੇ ਵਾਧੇ ਨਹੀਂ ਕੀਤੇ ਗਏ। ਨੋਬੇਲ ਇਨਾਮ ਜੇਤੂ ਭਾਰਤੀ ਮੂਲ ਦੇ ਅਰਥ ਵਿਗਿਆਨੀ ਅਭਿਜੀਤ ਬੈਨਰਜੀ ਦਾ ਖ?ਿਆਲ ਹੈ ਕਿ ਇਸ ਵਧ ਰਹੀ ਆਰਥਿਕ ਨਾਬਰਾਬਰੀ ਖਿਲਾਫ ਜੋਰਦਾਰ ਆਵਾਜ ਬੁਲੰਦ ਕਰਨ ਦੀ ਲੋੜ ਹੈ। ਇਹ ਆਵਾਜ ਚਿੰਤਾ ਤਾਂ ਜਾਹਰ ਕਰਦੀ ਹੈ, ਪਰ ਦੇਸਾਂ ਵਿੱਚ ਇੱਕ ਜੋਰਦਾਰ ਏਜੰਡਾ ਨਹੀਂ ਬਣ ਰਹੀ। ਕਾਰਪੋਰੇਟ ਵਿਕਾਸ ਮਾਡਲ ਨੇ ਵਾਤਾਵਰਣ ਨੂੰ ਖਤਰਨਾਕ ਹੱਦ ਤੱਕ ਖਰਾਬ ਕਰ ਦਿੱਤਾ ਹੈ। ਹਵਾ, ਪਾਣੀ ਅਤੇ ਧਰਤੀ ਨੂੰ ਜਹਿਰੀਲਾ ਕਰ ਦਿੱਤਾ ਹੈ। ਹਵਾ ਵਿੱਚ ਕਾਰਬਨ ਦੀ ਮਾਤਰਾ ਵਿੱਚ ਇਜਾਫਾ ਹੋਣ ਨਾਲ ਤਾਪਮਾਨ ਇੱਕ ਡਿਗਰੀ ਵਧ ਗਿਆ ਹੈ ਅਤੇ ਜਲਵਾਯੂ ਪਰਿਵਰਤਨ ਦੇਸਾਂ ਵਿੱਚ ਬੇਮੌਸਮੀਆਂ ਬਰਸਾਤਾਂ ਤੇ ਸੋਕੇ ਦਾ ਕਾਰਨ ਬਣ ਗਿਆ ਹੈ। ਇਸ ਨਾਲ ਲੋਕਾਂ ਅਤੇ ਕਿਸਾਨਾਂ ਦਾ ਸਾਹ ਸੁੱਕ ਰਿਹਾ ਹੈ। ਜਲਵਾਯੂ ਪਰਿਵਰਤਨ ਅਤੇ ਪਰਮਾਣੂ ਜੰਗ ਕਾਰਲ ਮਾਰਕਸ ਅਤੇ ਲੈਨਿਨ ਦੇ ਸਮਿਆਂ ਵਿੱਚ ਮੁੱਖ ਮੁੱਦੇ ਵਜੋਂ ਨਹੀਂ ਸਨ ਉੱਭਰੇ। ਆਮ ਲੋਕਾਂ ਵਿੱਚ ਚੇਤਨਾ ਦੀ ਘਾਟ ਹੈ ਅਤੇ ਉਹ ਜਥੇਬੰਦ ਵੀ ਨਹੀਂ ਹੋ ਸਕੇ। ਇਸ ਦੇ ਉਲਟ ਕਾਰਪੋਰੇਟ ਘਰਾਣੇ ਬਹੁਤ ਚੇਤੰਨ ਅਤੇ ਸੰਗਠਿਤ ਹਨ। ਉਨ੍ਹਾਂ ਨੇ ਆਪਣੇ ਦੇਸਾਂ ਦੀਆਂ ਸਰਕਾਰਾਂ ਅਤੇ ਆਰਥਿਕ ਨੀਤੀਆਂ ’ਤੇ ਕਬਜਾ ਕੀਤਾ ਹੋਇਆ ਹੈ। ਉਨ੍ਹਾਂ ਨੂੰ ਮਿਹਨਤਕਸ ਲੋਕਾਂ ਤੋਂ ਅਜੇ ਵੀ ਕੋਈ ਚੁਣੌਤੀ ਨਜਰ ਨਹੀਂ ਆਉਂਦੀ।

-ਤਜਿੰਰਦ ਸਿੰਘ, ਮੁੱਖ ਸੰਪਾਦਕ