ਭਾਰਤ ਵਿੱਚ ਆਮ ਲੋਕ ਵੱਧ ਰਹੀ ਮਹਿੰਗਾਈ ਤੋਂ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਨ। ਮਹਿੰਗਾਈ ਕਰਕੇ ਹਰ ਆਮ ਘਰ ਦਾ ਬਜ਼ਟ ਵਿਗੜਿਆ ਪਿਆ ਹੈ। ਪਿਛਲੇ ਦੋ ਮਹੀਨਿਆਂ ਵਿੱਚ ਦੇਸ਼ ਵਿੱਚ ਟਮਾਟਰ, ਪਿਆਜ਼ ਸਮੇਤ ਕਈ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ। ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਸਬਜ਼ੀਆਂ ਦੀ ਮਹਿੰਗਾਈ ਤੋਂ ਕਦੋਂ ਤੱਕ ਰਾਹਤ ਮਿਲੇਗੀ। ਇਸ ਸਵਾਲ ਦਾ ਜਵਾਬ ਦਿੰਦਿਆਂ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ (Shaktikanta Das) ਨੇ ਬੁੱਧਵਾਰ ਨੂੰ ਕਿਹਾ ਕਿ ਸਤੰਬਰ ਤੱਕ ਸਬਜ਼ੀਆਂ ਦੀ ਕੀਮਤ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਇਕ ਪ੍ਰੋਗਰਾਮ 'ਚ ਆਰਬੀਆਈ ਗਵਰਨਰ ਨੇ ਕਿਹਾ ਕਿ ਸਰਕਾਰ ਨੇ ਸਹੀ ਸਮੇਂ 'ਤੇ ਦਖਲ ਦਿੱਤਾ ਹੈ। ਇਸ ਕਾਰਨ ਦੇਸ਼ 'ਚ ਅਨਾਜ ਦੀ ਕੋਈ ਕਮੀ ਨਹੀਂ ਰਹੀ ਅਤੇ ਸਹੀ ਸਪਲਾਈ ਹੋਣ ਕਾਰਨ ਕੀਮਤ 'ਤੇ ਕਾਬੂ ਪਾਉਣ 'ਚ ਮਦਦ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਵੇਂ ਮਹਿੰਗਾਈ ਦਰ ਅਜੇ ਵੀ ਉਮੀਦ ਤੋਂ ਵੱਧ ਬਣੀ ਹੋਈ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਅਜਿਹੇ ਸੰਕੇਤ ਮਿਲੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਤੋਂ ਰਾਹਤ ਮਿਲਣ ਦੀ ਉਮੀਦ ਹੈ।