ਸੁਖਬੀਰ ਬਾਦਲ ਨੇ ਬਠਿੰਡਾ ਤੇ ਲੁਧਿਆਣਾ ਨੂੰ 19 ਸੀਟਾਂ ਦੇ ਹਵਾਈ ਜਹਾਜ਼ ਰਾਹੀਂ ਦਿੱਲੀ ਨਾਲ ਜੋੜਨ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਫੈਸਲੇ ਦਾ ਕੀਤਾ ਸਵਾਗਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਉਡਾਣ ਰਿਜਨਲ ਕਨੈਕਟੀਵਿਟੀ ਸਕੀਮ (ਆਰ ਸੀ ਐਸ) ਤਹਿਤ ਬਠਿੰਡਾ ਤੇ ਲੁਧਿਆਣਾ ਨੂੰ 19 ਸੀਟਾਂ ਵਾਲੇ ਜਹਾਜ਼ ਰਾਹੀਂ ਦਿੱਲੀ ਨਾਲ ਜੋੜਨ ਦੇ ਫੈਸਲੇ ਦਾ ਸਵਾਗਤ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਨੇ ਇਕ ਸਵਾਲ ਰਾਹੀਂ ਸੰਸਦ ਵਿਚ ਇਹ ਮਾਮਲਾ ਚੁੱਕਿਆ ਸੀ ਜਿਸਦਾ ਜਵਾਬ ਦਿੰਦਿਆਂ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ। ਮੰਤਰੀ ਨੇ ਦੱਸਿਆ ਕਿ ਬਠਿੰਡਾ ਤੇ ਲੁਧਿਆਣਾ ਨੂੰ ਆਰ ਸੀ ਐਸ ਰੂਟ ਰਾਹੀਂ ਹਿੰਡਨ ਨਾਲ ਜੋੜਨ ਦਾ ਕੰਮ ਮੈਸ. ਬਿਗ ਚਾਰਟਰਜ਼ ਪ੍ਰਾਈਵੇਟ ਲਿਮਟਿਡ ਨੂੰ ਪ੍ਰਦਾਨ ਕੀਤਾ ਗਿਆ ਹੈ ਤੇ ਇਹ ਕੰਪਨੀ 19 ਸੀਟਾਂ ਦਾ ਹਵਾਈ ਜਹਾਜ਼ ਚਲਾਏਗੀ।
ਸੁਖਬੀਰ ਸਿੰਘ ਬਾਦਲ ਨੇ ਆਦਮਪੁਰ ਨੂੰ ਹਿੰਡਨ, ਨਾਂਦੜ, ਕੋਲਕਾਤਾ, ਗੋਆ ਤੇ ਬੰਗਲੌਰ ਨਾਲ ਜੋੜਨ ਵਾਸਤੇ ਰੂਟ ਅਲਾਟ ਕਰਨ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਫੈਸਲੇ ਦਾ ਵੀ ਸਵਾਗਤ ਕੀਤਾ। ਉਹਨਾਂ ਕਿਹਾ ਕਿ ਆਦਮਪੁਰ ਨੂੰ ਦਿੱਲੀ, ਮੁੰਬਈ ਤੇ ਜੈਪੁਰ ਨਾਲ ਜੋੜਨ ਦੀ ਮੰਗ ਚਿਰਾਂ ਤੋਂ ਕੀਤੀ ਜਾ ਰਹੀ ਸੀ ਕਿਉਂਕਿ ਤਿੰਨ ਸਾਲਾਂ ਬਾਅਦ ਇਹ ਸੇਵਾ 2018 ਵਿਚ ਬੰਦ ਕਰ ਦਿੱਤੀ ਗਈ ਸੀ।