ਕੋਰੋਨਾ ਦੇ ਪਿਰੋਲਾ ਵੇਰੀਐਂਟ ਕਾਰਨ ਕਈ ਦੇਸ਼ਾਂ ’ਚ ਦਹਿਸ਼ਤ

ਕੋਰੋਨਾ ਦੇ ਪਿਰੋਲਾ ਵੇਰੀਐਂਟ ਕਾਰਨ ਕਈ ਦੇਸ਼ਾਂ ’ਚ ਦਹਿਸ਼ਤ
ਕੋਵਿਡ ਮਹਾਮਾਰੀ ਨੂੰ ਲੋਕ ਬੇਸ਼ੱਕ ਭੁੱਲਣ ਲੱਗੇ ਹਨ ਪਰ ਕੁਝ ਦੇਸ਼ਾਂ ’ਚ ਅਜੇ ਵੀ ਇਸ ਦੀ ਦਹਿਸ਼ਤ ਘੱਟ ਨਹੀਂ ਹੋਈ। ਕੋਵਿਡ-19 ਦੇ ਨਵੇਂ ਵੇਰੀਐਂਟ ਏਰਿਸ (ਈ.ਜੀ.5) ਅਤੇ ਪਿਰੋਲਾ (ਬੀ.ਏ.2.86) ਨੇ ਦੁਨੀਆ ਦੇ ਕਈ ਦੇਸ਼ਾਂ ’ਚ ਦਸਤਕ ਦੇ ਦਿੱਤੀ ਹੈ। ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਨਵੇਂ ਸਬ-ਵੇਰੀਐਂਟ ਏਰਿਸ ਪਿੱਛੋਂ ਹੁਣ ਪਿਰੋਲਾ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ, ਬ੍ਰਿਟੇਨ, ਚੀਨ ਅਤੇ ਯੂਰਪ ਦੇ ਕੁਝ ਹਿੱਸਿਆਂ ’ਚ ਪਿਰੋਲਾ ਵੇਰੀਐਂਟ ਤਾਂਡਵ ਮਚਾ ਰਿਹਾ ਹੈ। ਪੂਰੀ ਦੁਨੀਆ ’ਚ ਸਿਹਤ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ। ਹਾਲਾਂਕਿ ਭਾਰਤ ’ਚ ਅਜੇ ਤਕ ਪਿਰੋਲਾ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ। ਭਾਰਤ ’ਚ ਸਥਾਪਿਤ ਪ੍ਰਯੋਗਸ਼ਾਲਾਵਾਂ ਦੇ ਅਖਿਲ ਭਾਰਤੀ ਨੈੱਟਵਰਕ ਇੰਸਾਕਾਗ ਦੀ ਹਾਲ ਹੀ ’ਚ ਹੋਈ ਬੈਠਕ ’ਚ ਪਿਰੋਲਾ ਨੂੰ ਲੈ ਕੇ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਵੀ ਪਿਰੋਲਾ ਨੂੰ ‘ਵੇਰੀਐਂਟ ਆਫ਼ ਇੰਟਰਸਟ’ ਦੀ ਕੈਟਾਗਿਰੀ ’ਚ ਰੱਖਿਆ ਹੈ। ਸਿਹਤ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਪਿਰੋਲਾ ’ਚ 30 ਤੋਂ ਵੱਧ ਮਿਊਟੇਸ਼ਨ ਪਾਏ ਜਾਂਦੇ ਹਨ। ਇਹ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਪਿਰੋਲਾ ਵੇਰੀਐਂਟ ਵੀ ਏਰਿਸ ਤੋਂ ਪੈਦਾ ਹੋਇਆ ਹੈ। ਪਿਰੋਲਾ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।