ਦਿੱਲੀ ਕੂਚ: ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ ਡੱਬਵਾਲੀ ਬਾਰਡਰ ਦਾ ਭਲਕੇ ਕੀਤਾ ਜਾਵੇਗਾ ਘਿਰਾਓ
ਇਹ ਕਾਰਵਾਈ ਪੂਰੀ ਤਰ੍ਹਾਂ ਸ਼ਾਂਤਮਈ ਰਹੇਗੀ। ਜੇਕਰ ਸਰਕਾਰ ਨੇ ਨਾ ਰੋਕਿਆ ਤਾਂ ਕਿਸਾਨ ਦਿੱਲੀ ਵੱਲ ਕੂਚ ਜ਼ਰੂਰ ਕਰਨਗੇ ਪਰ ਜੇਕਰ ਰੋਕਾਂ ਲਗਾਈਆਂ ਗਈਆਂ ਤਾਂ ਕਿਸਾਨ ਸ਼ਾਂਤਮਈ ਢੰਗ ਨਾਲ ਉੱਥੇ ਹੀ ਪੱਕਾ ਮੋਰਚਾ ਲਗਾ ਕੇ ਬੈਠ ਜਾਣਗੇ। ਉਧਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਇਸ ਕਰ ਕੇ ਧਿਆਨ ਨਹੀਂ ਦੇ ਰਹੀ ਕਿਉਂਕਿ ਸੱਤਾਧਾਰੀ ਪਾਰਟੀ ਨੇ ਆਪਣਾ ਸਾਰਾ ਧਿਆਨ ਆਗਾਮੀ ਲੋਕ ਸਭਾ ਚੋਣਾਂ ’ਤੇ ਕੇਂਦਰਤ ਕੀਤਾ ਹੋਇਆ ਹੈ। ਕੇਂਦਰੀ ਹਕੂਮਤ ਨਾਲ ਜਾਰੀ ਕਿਸਾਨ ਘੋਲ ਸਬੰਧੀ ਅਗਲੀ ਰਣਨੀਤੀ ਦਾ ਐਲਾਨ ਅੱਜ ਸ਼ਾਮ ਸ਼ੰਭੂ ਬਾਰਡਰ ਤੋਂ ਕੀਤਾ ਗਿਆ। ਪ੍ਰੈੱਸ ਕਾਨਫਰੰਸ ’ਚ ਮਨਜੀਤ ਰਾਏ, ਰਣਜੀਤ ਰਾਜੂ, ਪਰਮਜੀਤ ਸਿੰਘ, ਮਨਜੀਤ ਘੁਮਾਣਾ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਸ਼ਿਰਕਤ ਕੀਤੀ। ਉਂਜ ਇਸ ਮੌਕੇ ਜਗਜੀਤ ਡੱਲੇਵਾਲ, ਸਰਵਣ ਸਿੰਘ ਪੰਧੇਰ, ਸੁਰਜੀਤ ਫੂਲ, ਸਤਿਨਾਮ ਬਹਿਰੂ ਅਤੇ ਬੂਟਾ ਸਿੰਘ ਸ਼ਾਦੀਪੁਰ ਆਦਿ ਪ੍ਰਮੁੱਖ ਕਿਸਾਨ ਆਗੂ ਮੌਜੂਦ ਨਹੀਂ ਸਨ। ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ ਜਿੰਨਾ ਚਿਰ ਹਕੂਮਤ ਜਬਰ ਨਹੀਂ ਰੋਕਦੀ, ਉਦੋਂ ਤੱਕ ਕਿਸਾਨ ਸ਼ੰਭੂ, ਢਾਬੀਗੁੱਜਰਾਂ ਅਤੇ ਡੱਬਵਾਲੀ ਬਾਰਡਰਾਂ ’ਤੇ ਸ਼ਾਂਤਮਈ ਧਰਨੇ ਜਾਰੀ ਰੱਖਦੇ ਹੋਏ ਆਪਣਾ ਸੰਘਰਸ਼ ਜਾਰੀ ਰੱਖਣਗੇ।