ਕੇਜਰੀਵਾਲ ਦਾ ਵੱਡਾ ਖ਼ੁਲਾਸਾ, ਪੰਜਾਬ ’ਚ ਸਰਕਾਰ ਡੇਗਣ ਦੀ ਕੋਸ਼ਿਸ਼, ਵਿਧਾਇਕਾਂ ਨਾਲ ਕੀਤਾ ਜਾ ਰਿਹੈ ਸੰਪਰਕ

ਕੇਜਰੀਵਾਲ ਦਾ ਵੱਡਾ ਖ਼ੁਲਾਸਾ, ਪੰਜਾਬ ’ਚ ਸਰਕਾਰ ਡੇਗਣ ਦੀ ਕੋਸ਼ਿਸ਼, ਵਿਧਾਇਕਾਂ ਨਾਲ ਕੀਤਾ ਜਾ ਰਿਹੈ ਸੰਪਰਕ
ਮੋਹਾਲੀ : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਅੱਜ ਮੋਹਾਲੀ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਸਾਨੂੰ ਆਮ ਲੋਕਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਅਤੇ ਨਾਮੀ ਲੀਡਰਾਂ ਨੂੰ ਹਰਾ ਕੇ ਇਤਿਹਾਸ ਰਚਿਆ ਸੀ, ਜਿਸ ਵਿਚ ਸਾਨੂੰ 117 ’ਚੋਂ 92 ਸੀਟਾਂ ਹਾਸਲ ਹੋਈਆਂ। ਅਸੀਂ ਪੰਜਾਬ ਦੀ ਜਨਤਾ ਦਾ ਅਹਿਸਾਨ ਨਹੀਂ ਚੁਕਾ ਸਕਦੇ ਪਰ ਪੰਜਾਬੀਆਂ ਲਈ ਵਿਕਾਸ ਕਰਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਾਂ। ਇਸ ਲਈ ਪੰਜਾਬ ਸਰਕਾਰ 24 ਘੰਟੇ ਕੰਮ ਕਰ ਰਹੀ। ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਮੰਤਰੀ ਅਤੇ ਵਿਧਾਇਕ 24 ਘੰਟੇ ਲੋਕਾਂ ਦੀ ਸੇਵਾ ਕਰ ਰਹੇ ਹਨ। ਅੱਜ ਦੋ ਸਾਲ ਬਾਅਦ ਵੀ ਪੰਜਾਬ ਦੇ ਬੱਚੇ-ਬੱਚੇ ਤੋਂ ਪੁੱਛ ਲਵੋ ਸਾਰੇ ਇਕੋ ਗੱਲ ਕਹਿੰਦੇ ਹਨ ਕਿ 75 ਸਾਲਾਂ ਵਿਚ ਅਜਿਹੀ ਸਰਕਾਰ ਨਹੀਂ ਦੇਖੀ ਹੈ।  ਭਗਵੰਤ ਮਾਨ ਦੇ ਚਿਹਰੇ ’ਤੇ ਪੰਜਾਬ ਦੇ ਚੋਣ ਮੈਦਾਨ ਵਿਚ ਉੱਤਰ ਰਹੀ ਆਮ ਆਦਮੀ ਪਾਰਟੀ ਨੇ ਆਪਣਾ ਨਵਾਂ ਸਲੋਗਨ ‘ਸੰਸਦ ਵਿਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ’ ਵੀ ਜਾਰੀ ਕਰ ਦਿੱਤਾ ਹੈ।