ਪੰਜਾਬ ਦਾ ਭਵਿੱਖ ਵਿਚਾਰਨ ਵਾਲੇ ਕੁਝ ਨੁਕਤੇ

ਪੰਜਾਬ ਦਾ ਭਵਿੱਖ ਵਿਚਾਰਨ ਵਾਲੇ ਕੁਝ ਨੁਕਤੇ
ਪੰਜਾਬ ਆਰਥਿਕ, ਸਮਾਜਿਕ ਅਤੇ ਬੌਧਿਕ ਤੌਰ ’ਤੇ ਨਿਰਾਸਾ ਦੇ ਦੌਰ ਵਿਚੋਂ ਗੁਜਰ ਰਿਹਾ ਹੈ। ਇਸ ਦੌਰ ਨੂੰ ਪਿਛਲੇ ਚਾਰ ਦਹਾਕਿਆਂ ਦੀਆਂ ਸਿਆਸੀ ਕਲਾਬਾਜੀਆਂ ਅਤੇ ਲੀਡਰਸਿਪ ਦੀਆਂ ਕਮਜੋਰੀਆਂ ਨੇ ਸਿੰਜਿਆ ਤੇ ਵਿਕਸਿਤ ਕੀਤਾ ਹੈ। ਇਸ ਦੌਰ ਨੂੰ ਬਦਲ ਕੇ ਸਿਰਜਣਾਤਮਕ ਦੌਰ ਵਿਚ ਬਦਲਣ ਦੀ ਜਿੰਮੇਵਾਰੀ ਅਤੇ ਭੂਮਿਕਾ ਸੂਬਾ ਵਾਸੀਆਂ, ਜਥੇਬੰਦੀਆਂ ਅਤੇ ਪਾਰਟੀਆਂ ਨੂੰ ਹੀ ਨਿਭਾਉਣੀ ਪੈਣੀ ਹੈ। ਪੰਜਾਬ ਜਿਸ ਭੂਗੋਲਿਕ ਖਿੱਤੇ ਵਿਚ ਹੈ ਅਤੇ ਜਿਨ੍ਹਾਂ ਇਤਿਹਾਸਕ ਹਾਲਾਤ ਵਿਚੋਂ ਗੁਜਰਦਾ ਰਿਹਾ ਹੈ, ਇਸ ਸਚਾਈ ਦਾ ਗਵਾਹ ਹੈ ਕਿ ਇਸ ਵਿਚ ਸਿਰਜਣਾਤਮਕ ਸਮਰੱਥਾ ਸਮੇਂ ਸਮੇਂ ਪੈਦਾ ਹੁੰਦੀ ਰਹਿੰਦੀ ਹੈ। ਇਸ ਸਿਰਜਣਾਤਮਕ ਸਮਰੱਥਾ ਨੂੰ ਸੰਭਾਲਣ ਅਤੇ ਉਸ ’ਤੇ ਅਮਲ ਕਰਨ ਦੀ ਲੋੜ ਹੈ। ਇਸ ਨਾਲ ਸੂਬੇ ਨੂੰ ਨਿਰਾਸਾ ਦੇ ਦੌਰ ਵਿਚੋਂ ਕੱਢਣ ਵਲ ਵਧਿਆ ਜਾ ਸਕਦਾ ਹੈ। 
 
ਇੱਥੇ ਕੁਝ ਵਿਚਾਰਨਯੋਗ ਨੁਕਤੇ ਸਾਂਝੇ ਕਰਨ ਦਾ ਯਤਨ ਕੀਤਾ ਗਿਆ ਹੈ। ਨਿਰਾਸਾ ਤੋਂ ਬਾਹਰ ਹੋਣ ਵਾਸਤੇ ਪੰਜਾਬ ਆਪਣੇ ਇਤਿਹਾਸ ਤੋਂ ਸਬਕ ਸਿੱਖ ਸਕਦਾ ਹੈ। ਦੇਸ ਦੀ ਆਜਾਦੀ ਸਮੇਂ ਪੰਜਾਬ ਵੰਡਿਆ ਗਿਆ। ਅੱਧੀ ਆਬਾਦੀ ਨੂੰ ਤਬਾਦਲੇ ਸਮੇਂ ਬੇਘਰ ਹੋ ਕੇ ਸਰਨਾਰਥੀ ਬਣਨਾ ਪਿਆ। ਲੱਖਾਂ ਦੀ ਗਿਣਤੀ ਵਿਚ ਆਮ ਲੋਕਾਂ ਤੇ ਬੱਚਿਆਂ ਦੇ ਕਤਲ ਹੋਏ ਅਤੇ ਔਰਤਾਂ ਨੂੰ ਅਣਮਨੁੱਖੀ ਅਤਿਆਚਾਰ ਦਾ ਸਿਕਾਰ ਹੋਣਾ ਪਿਆ। ਇਸ ਦਾ ਖੁਲਾਸਾ ਇਤਿਹਾਸਕਾਰਾਂ ਨੇ ਬੜੀ ਤਫਸੀਲ ਨਾਲ ਕੀਤਾ ਹੈ। ਇਸ ਦੌਰ ਵਿਚੋਂ ਬਾਹਰ ਕੱਢ ਕੇ ਭਾਰਤੀ ਪੰਜਾਬ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਦਾ ਬੀੜਾ ਪੰਜਾਬ ਦੀ ਸਿਆਸੀ ਲੀਡਰਸਿਪ ਨੇ ਆਪਣੇ ਹੱਥ ਲਿਆ ਸੀ। ਇਸ ਲੀਡਰਸਿਪ ਨੇ ਚੋਟੀ ਦੇ ਇਮਾਨਦਾਰ ਅਤੇ ਕਾਬਲ ਅਫਸਰਾਂ ਨੂੰ ਨਾਲ ਲੈ ਕੇ ਉੱਜੜੇ ਪੁੱਜੜੇ ਪਰਿਵਾਰਾਂ ਦਾ ਪਿੰਡਾਂ ਅਤੇ ਸਹਿਰਾਂ ਵਿਚ ਮੁੜ-ਵਸੇਬੇ ਦਾ ਪ੍ਰਬੰਧ ਤਿੰਨ ਚਾਰ ਸਾਲਾਂ ਵਿਚ ਕਰ ਦਿੱਤਾ ਸੀ। ਇਸ ਤੋਂ ਬਾਅਦ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਕਾਰਜਾਂ ਵੱਲ ਤਵੱਜੋਂ ਦਿੱਤੀ ਅਤੇ ਪੰਜਾਬ ਨੂੰ 1955-56 ਵਿਚ ਦੇਸ ਦਾ ਪਹਿਲੇ ਨੰਬਰ ਦਾ ਸੂਬਾ ਬਣਾ ਦਿੱਤਾ। ਇਸ ਤੋਂ ਬਾਅਦ 1965-66 ਵਿਚ ਹਰਾ ਇਨਕਲਾਬ ਪੈਦਾ ਕਰ ਕੇ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇ ਕੇ ਪੰਜਾਬ ਨੂੰ ਦੇਸ ਦੇ ਮਾਡਲ ਸੂਬੇ ਵਿਚ ਤਬਦੀਲੀ ਕਰ ਦਿੱਤਾ ਸੀ। ਜਦੋਂ ਇਸ ਮਾਡਲ ਵਿਚ ਵਿਗਾੜ ਆਏ ਅਤੇ ਇਸ ਨੂੰ ਠੀਕ ਕਰਨ ਬਾਰੇ ਵਿਚਾਰਾਂ 1980ਵਿਆਂ ਵਿਚ ਸੁਰੂ ਹੋਈਆਂ ਤਾਂ ਸਿਆਸੀ ਲੀਡਰਸਿਪ ਨੇ ਹੱਥ ਖੜ੍ਹੇ ਕਰ ਦਿੱਤੇ। ਇਸ ਲੀਡਰਸਿਪ ਨੇ ਇਹ ਵਿਗਾੜ ਠੀਕ ਕਰਨ ਦੀ ਬਜਾਇ ਆਪਣੇ ਵਿਅਕਤੀਗਤ ਫਾਇਦੇ ਲਈ ਕੰਮ ਕਰਨਾ ਬਿਹਤਰ ਸਮਝਿਆ। ਇਨ੍ਹਾਂ ਨੇ ਪੰਜਾਬ, ਵਾਤਾਵਰਨ ਅਤੇ ਆਰਥਿਕਤਾ ਨੂੰ ਤਬਾਹ ਕਰਨ ਦਾ ਘਿਨਾਉਣਾ ਰੋਲ ਨਿਭਾਇਆ। ਇਸ ਦੇ ਸਬੂਤ ਹਰ ਰੋਜ ਸਾਡੇ ਸਾਹਮਣੇ ਆ ਰਹੇ ਹਨ। ਇਸ ਕਰ ਕੇ ਮੌਜੂਦਾ ਸਿਆਸੀ ਲੀਡਰਸਿਪ ਨੂੰ ਹਾਂਮੁਖੀ ਰੋਲ ਵਾਸਤੇ ਮੋੜਨ ਲਈ ਅਤੇ ਹਾਲਾਤ ਪੈਦਾ ਕਰਨ ਵਿਚ ਸਮਾਂ ਲੱਗ ਸਕਦਾ ਹੈ। ਇਸ ਵਾਸਤੇ ਸਮਾਜਿਕ ਲਹਿਰ ਨੂੰ ਕਾਫੀ ਕੋਸਿਸ ਕਰਨੀ ਪੈਣੀ ਹੈ ਅਤੇ ਵਿਚਾਰਧਾਰਕ ਜੱਦੋਜਹਿਦ ਵਿਚ ਪੈਣਾ ਹੋਵੇਗਾ। ਇਸ ਕਾਰਜ ਵਿਚ ਸੂਬੇ ਦੇ ਸੁਹਿਰਦ ਅਤੇ ਸੰਜੀਦਾ ਬੁਧੀਮਾਨਾਂ ਨੂੰ ਸਮਾਜਿਕ ਲਹਿਰ ਨਾਲ ਰਲ ਕੇ ਹਾਲਾਤ ਨੂੰ ਰਿੜਕਣਾ ਪੈਣਾ ਹੈ। ਸਮਾਜਿਕ ਜਥੇਬੰਦੀਆਂ ਅਤੇ ਵਿਦਵਾਨਾਂ ਨੂੰ ਇਸ ਬਾਰੇ ਵਿਚਾਰ ਚਰਚਾ, ਗੋਸਟੀਆਂ, ਸੈਮੀਨਾਰ, ਕਾਨਫਰੰਸਾਂ ਆਦਿ ਕਰਨੀਆਂ ਹੋਣਗੀਆਂ। ਇਹ ਪ੍ਰਕਿਰਿਆ ਹੀ ਸੂਬੇ ਨੂੰ ਨਿਰਾਸਾ ਵਿਚੋਂ ਬਾਹਰ ਕੱਢਣ ਲਈ ਸਹਾਈ ਹੋ ਸਕਦੀ ਹੈ।
ਇਸ ਪ੍ਰਸੰਗ ਵਿਚ ਦੇਸ ਦੇ ਦੂਜੇ ਸੂਬਿਆਂ ਵਿਚ ਸਫਲ ਤਜਰਬੇ ਘੋਖਣ ਤੋਂ ਬਾਅਦ ਸੂਬੇ ਲਈ ਸਾਜਗਾਰ ਸੁਝਾਅ ਦਿੱਤੇ ਜਾ ਸਕਦੇ ਹਨ। ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰਨ ਲਈ ਮਾਹੌਲ ਵੀ ਤਿਆਰ ਕੀਤਾ ਜਾ ਸਕਦਾ ਹੈ। ਇਹ ਵਿਸਵਾਸ ਪੈਦਾ ਕੀਤਾ ਜਾ ਸਕਦਾ ਹੈ ਕਿ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਂਦਾ ਜਾ ਸਕਦਾ ਹੈ। ਖੇਤੀ ਲਾਹੇਵੰਦ ਬਣਾਈ ਜਾ ਸਕਦੀ ਹੈ ਅਤੇ ਕਿਸਾਨਾਂ ਤੇ ਖੇਤ ਮਜਦੂਰਾਂ ਦੀਆਂ ਆਤਮ-ਹੱਤਿਆਵਾਂ ਰੋਕੀਆਂ ਜਾ ਸਕਦੀਆਂ ਹਨ। ਪੰਜਾਬ ਵਿਚ ਉਦਯੋਗਿਕ ਤਰੱਕੀ ਨੂੰ ਹੁਲਾਰਾ ਦਿੱਤਾ ਜਾ ਸਕਦਾ, ਵਾਤਾਵਰਨ ਨੂੰ ਬਚਾਇਆ ਜਾ ਸਕਦਾ ਅਤੇ ਪੰਜਾਬ ਵਿਚ ਰੁਜਗਾਰ ਦੇ ਮੌਕੇ ਪੈਦਾ ਕਰ ਕੇ ਜਵਾਨੀ ਦਾ ਵਿਦੇਸਾਂ ਵੱਲ ਪਰਵਾਸ ਰੋਕਿਆ ਜਾ ਸਕਦਾ ਹੈ। ਇਹ ਵਿਸਵਾਸ ਪੈਦਾ ਕਰਨ ਲਈ ਜਰੂਰੀ ਹੈ ਕਿ ਮੌਜੂਦਾ ਸਮਾਜਿਕ ਲਹਿਰ ਸੰਘਰਸ ਦੇ ਨਾਲ ਨਾਲ ਨਿਰਮਾਣ ਦੇ ਕਾਰਜਾਂ ਵੱਲ ਧਿਆਨ ਦੇਵੇ। ਸਿਆਸੀ ਪਾਰਟੀਆਂ ਦੀ ਲੀਡਰਸਿਪ ਅਜੇ ਪੰਜਾਬ ਨੂੰ ਮੁੜ ਲੀਹਾਂ ’ਤੇ ਤੋਰਨ ਦੇ ਸਮਰੱਥ ਨਹੀਂ ਹੋ ਰਹੀ, ਇਸ ਕਰ ਕੇ ਸਮਾਜਿਕ ਲਹਿਰ ਦੀ ਜਿੰਮੇਵਾਰੀ ਹੈ ਕਿ ਸਮਾਜ ਨੂੰ ਨਿਰਾਸਾ ਦੇ ਦੌਰ ਵਿਚੋਂ ਬਾਹਰ ਕੱਢਣ ਦਾ ਰੋਲ ਅਦਾ ਕਰੇ। ਜਦੋਂ ਸਿਆਸੀ ਪਾਰਟੀਆਂ ਲੋਕਾਂ ਦੇ ਮਸਲਿਆਂ ਬਾਰੇ ਸੁਹਿਰਦ ਨਹੀਂ ਰਹਿੰਦੀਆਂ ਤਾਂ ਲੋਕਾਂ ਦੀਆਂ ਸਿਰਜਣਾਤਮਕ ਕਾਰਵਾਈਆਂ ਨੀਚੇ ਤੋਂ ਕਾਫੀ ਫਾਇਦੇਮੰਦ ਹੋ ਸਕਦੀਆਂ ਹਨ। ਇਸ ਦੀ ਸਫਲ ਮਿਸਾਲ ਜੰਗ ਦੀ ਮਾਰ ਹੇਠ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਪਹਾੜੀ ਪੇਂਡੂ ਇਲਾਕਿਆਂ ਤੋਂ ਮਿਲਦੀ ਹੈ। ਇਸ ਨੂੰ ਗ੍ਰੇਗ ਮਾਰਟੈਨਸਨ ਨੇ ਆਪਣੀ ਕਿਤਾਬ ‘  : ਵਿਚ ਬੜੇ ਵਿਸਥਾਰ ਨਾਲ ਬਿਆਨ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿਚ ਤਾਲਬਿਾਨ ਹਕੂਮਤ ਅਤੇ ਗਰੁਪਾਂ ਨੇ ਲੜਕੀਆਂ ਨੂੰ ਸਕੂਲਾਂ ਵਿਚ ਸਿੱਖਿਆ ਦੇਣ ਤੋਂ ਮਨਾਹੀ ਦੇ ਹੁਕਮ ਕੀਤੇ ਹੋਏ ਸਨ। ਅਮਰੀਕਾ ਨੇ ਇਨ੍ਹਾਂ ਇਲਾਕਿਆਂ ਵਿਚ ਬੰਬਾਰੀ ਨਾਲ ਕਾਫੀ ਤਬਾਹੀ ਕੀਤੀ ਸੀ। ਇਨ੍ਹਾਂ ਹਾਲਾਤ ਵਿਚ ਗੈਰ-ਸਰਕਾਰੀ ਸੰਸਥਾ ‘ਸੈਂਟਰਲ ਏਸੀਆ ਇੰਸਟੀਚਿਊਟ’ ਨੇ ਇਨ੍ਹਾਂ ਇਲਾਕਿਆਂ ਵਿਚ 131 ਸਕੂਲ ਕਾਇਮ ਕੀਤੇ। ਇਨ੍ਹਾਂ ਸਕੂਲਾਂ ਵਿਚ ਲੜਕੀਆਂ ਦੇ ਦਾਖਲੇ ਅਤੇ ਪੜ੍ਹਾਈ ਯਕੀਨੀ ਬਣਾਏ। ਸੈਂਟਰਲ ਏਸੀਆ ਇੰਸਟੀਚਿਊਟ ਦੇ ਸੰਸਥਾਪਕ ਗ੍ਰੇਗ ਮਾਰਟੈਨਸਨ ਦੀ ਕਹਾਣੀ 1993 ਤੋਂ ਸੁਰੂ ਹੁੰਦੀ ਹੈ। ਉਸ ਨੇ ਦੁਨੀਆ ਦੇ ਦੂਜੇ ਸਭ ਤੋਂ ਉੱਚੇ ਪਹਾੜ ਦੀ ਚੋਟੀ ’ਤੇ ਚੜ੍ਹਨ ਲਈ ਪਾਕਿਸਤਾਨ ਤੋਂ ਸਫਰ ਸੁਰੂ ਕੀਤਾ ਪਰ 2000 ਫੁੱਟ ਦੇ ਬੇਸ ਕੈਂਪ ਤੋਂ ਚੜ੍ਹਦੇ ਹੋਏ ਗਲੇਸੀਅਰ ਵਿਚ 13 ਮੀਲ ਤਾਈਂ ਭਟਕ ਗਿਆ ਅਤੇ ਪਿੰਡ ਕਾਰਫੇ ਪਹੁੰਚ ਗਿਆ। ਇਸ ਪਿੰਡ ਨੇ ਉਸ ਨੂੰ ਪਨਾਹ ਦਿੱਤੀ; ਚਾਹ ਤੇ ਭੋਜਨ ਨਾਲ ਸੇਵਾ ਕੀਤੀ ਅਤੇ ਬਿਸਤਰੇ ਦਾ ਪ੍ਰਬੰਧ ਕੀਤਾ। ਇਹ ਪਿੰਡ ਬਹੁਤ ਪਛੜਿਆ ਹੋਇਆ ਸੀ ਜਿਥੇ ਹਰ ਤੀਜਾ ਬੱਚਾ ਇੱਕ ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦਾ ਸੀ। ਉਸ ਨੇ ਦੇਖਿਆ ਕਿ 82 ਬੱਚੇ ਬਾਹਰ ਬੈਠੇ ਅਧਿਆਪਕ ਤੋਂ ਬਗੈਰ ਸੋਟੀਆਂ ਨਾਲ ਮਿੱਟੀ ’ਤੇ ਸਬਕ ਸਿੱਖ ਰਹੇ ਹਨ। ਉਨ੍ਹਾਂ ਵਿਚ ਇੱਕ ਲੜਕੀ ਜਿਸ ਦਾ ਨਾਮ ਚੋਚੋ ਸੀ, ਨੇ ਗ੍ਰੇਗ ਮਾਰਟੈਨਸਨ ਤੋਂ ਉਸ ਪਿੰਡ ਤੋਂ ਵਾਪਸ ਜਾਣ ਸਮੇਂ ਪ੍ਰਣ ਲਿਆ ਕਿ ਉਹ ਦੁਬਾਰਾ ਉਸ ਪਿੰਡ ਆ ਕੇ ਬੱਚਿਆਂ ਵਾਸਤੇ ਸਕੂਲ ਬਣਾਏਗਾ। ਇਸ ਪ੍ਰਣ ਪੂਰਾ ਕਰਨ ਵਾਸਤੇ ਮਾਰਟੈਨਸਨ ਨੇ ਅਮਰੀਕਾ ਦੇ ਬਰਕਲੇ ਸਹਿਰ ਵਿਚ ਆਪਣੀ ਕਾਰ, ਕਿਤਾਬਾਂ ਅਤੇ ਪਹਾੜਾਂ ’ਤੇ ਚੜ੍ਹਨ ਵਾਲਾ ਗੇਅਰ ਵੇਚ ਕੇ ਫੰਡ ਇਕੱਠੇ ਕਰਨ ਦੀ ਕੋਸਿਸ ਕੀਤੀ। ਸਾਧਾਰਨ ਦਾਨੀਆਂ ਤੋਂ ਡਾਲਰ ਇਕੱਠੇ ਕਰ ਕੇ ਉਹ ਕਾਰਫੇ ਪਹੁੰਚ ਗਿਆ। ਇਸ ਕਾਰਜ ਵਾਸਤੇ ਉਸ ਨੇ ਪਿੰਡ ਦੇ ਸਿਆਣੇ ਬਜੁਰਗਾਂ ਨਾਲ ਰਾਬਤਾ ਬਣਾਇਆ ਅਤੇ ਉਨ੍ਹਾਂ ਦੀ ਮਦਦ ਨਾਲ ਪਿੰਡ ਦੇ ਮੌਲਵੀ ਤੋਂ ਇਜਾਜਤ ਲਈ ਕਿ ਸਕੂਲ ਬਣਨ ’ਤੇ ਲੜਕੀਆਂ ਨੂੰ ਇਸ ਵਿਚ ਦਾਖਲ ਕੀਤਾ ਜਾਵੇਗਾ। ਪਿੰਡ ਵਾਲਿਆਂ ਨੇ ਸਕੂਲ ਦੀ ਇਮਾਰਤ ਵਾਸਤੇ ਮੁਫਤ ਜਮੀਨ ਦਿੱਤੀ। ਉਸਾਰੀ ਵਿਚ ਮੁਫਤ/ਸਸਤੀ ਲੇਬਰ, ਪਹਾੜਾਂ ਤੋਂ ਪੱਥਰ ਇਮਾਰਤ ਵਾਸਤੇ ਕੱਟੇ ਅਤੇ ਸਕੂਲ ਬਣਾਉਣ ਲਈ ਸਾਜੋ-ਸਮਾਨ, ਸੀਮਿੰਟ, ਸਰੀਆ, ਦਰਵਾਜੇ, ਖਿੜਕੀਆਂ, ਕਾਪੀਆਂ, ਕਿਤਾਬਾਂ ਅਤੇ ਅਧਿਆਪਕਾਂ ਨੂੰ ਤਨਖਾਹ ਦਾ ਇੰਤਜਾਮ ਸੈਂਟਰਲ ਏਸੀਆ ਇੰਸਟੀਚਿਊਟ ਨੇ ਕੀਤਾ। ਸਕੂਲ ਦੀਆਂ ਇਮਾਰਤਾਂ ਅਜਿਹੀਆਂ ਬਣਾਈਆਂ ਜਿਹੜੀਆਂ ਭੂਚਾਲ ਦੀ ਮਾਰ ਵੀ ਝੱਲ ਸਕਣ। ਅਧਿਆਪਕਾਂ ਦਾ ਪ੍ਰਬੰਧ ਉਨ੍ਹਾਂ ਇਲਾਕਿਆਂ ਵਿਚੋਂ ਹੀ ਕੀਤਾ ਗਿਆ। ਸਕੂਲ ਬਣਨ ਨਾਲ ਲੜਕੀਆਂ ਦੀ ਪੜ੍ਹਾਈ ਦੀ ਖਬਰ ਲਾਗਲੇ ਪਿੰਡਾਂ ਵਿਚ ਫੈਲ ਗਈ ਅਤੇ ਲੋਕਾਂ ਨੇ ਉਸ ਨੂੰ ਹੋਰ ਪਿੰਡਾਂ ਵਿਚ ਵੀ ਸਕੂਲ ਖੋਲ੍ਹਣ ਦੀ ਮੰਗ ਕੀਤੀ। ਇਸ ਲਈ ਸੈਂਟਰਲ ਏਸੀਆ ਇੰਸਟੀਚਿਊਟ ਨੇ ਫੰਡ ਇਕੱਠੇ ਕਰਨ ਵਾਸਤੇ ਇਸ ਦੇ ਸੰਸਥਾਪਕ ਨੇ ਅਮਰੀਕਾ ਦੇ ਕਈ ਸਹਿਰਾਂ ਵਿਚ ਲੋਕਾਂ ਨੂੰ ਅਪੀਲ ਕੀਤੀ ਅਤੇ ਕਈ ਥਾਈਂ ਲੈਕਚਰ ਦੇ ਕੇ ਡਾਲਰ ਇਕੱਠੇ ਕੀਤੇ। ਜਦੋਂ ਸਕੂਲਾਂ ਬਣਾਉਣ ਦਾ ਵਰਤਾਰਾ ਵਧਣਾ ਸੁਰੂ ਹੋਇਆ ਤਾਂ ਕੁਝ ਪੁਰਾਣੇ ਸਮੇਂ ਦੇ ਲੜਾਕੂ ਮੁਜਾਹਦੀਨ ਵਰਕਰ ਉਸ ਦੇ ਕੰਮ ਨੂੰ ਸਲਾਘਾਯੋਗ ਸਮਝਦੇ ਹੋਏ ਇਸ ਕੰਮ ਵਿਚ ਉਸ ਨਾਲ ਸਾਮਲ ਹੋਣ ਲੱਗ ਪਏ। ਦੂਜੇ ਪਾਸੇ ਕੁਝ ਤਾਲਬਿਾਨ ਲੜਾਕੂਆਂ ਨੂੰ ਇਹ ਗੱਲ ਠੀਕ ਨਹੀਂ ਲੱਗੀ। ਉਨ੍ਹਾਂ ਇਸ ਦਾ ਵਿਰੋਧ ਕੀਤਾ। ਇਸ ਵਿਰੋਧ ਨੂੰ ਪਿੰਡਾਂ ਦੇ ਬਜੁਰਗਾਂ ਅਤੇ ਸਤਿਕਾਰਯੋਗ ਲੋਕਾਂ ਨੇ ਸਿਆਣਪ ਨਾਲ ਨਜਿੱਠਿਆ ਅਤੇ ਸਕੂਲ ਦੀ ਇਮਾਰਤ ਦੀ ਸੁਰੱਖਿਆ ਦਾ ਇੰਤਜਾਮ ਵੀ ਕੀਤਾ। ਅਧਿਆਪਕਾਂ ਨੂੰ ਕਿਸੇ ਵੀ ਕਿਸਮ ਦੀਆਂ ਧਮਕੀਆਂ ਤੋਂ ਵੀ ਬਚਾਇਆ। ਅਸਲ ਵਿਚ ਗ੍ਰੇਗ ਮਾਰਟੈਨਸਨ ਦਾ ਪਿਛੋਕੜ ਵੀ ਉਸ ਵਾਸਤੇ ਸਹਾਈ ਹੋਇਆ। ਉਸ ਦੇ ਪਿਤਾ ਸਮਾਜ ਸੇਵੀ ਸਨ ਅਤੇ ਉਨ੍ਹਾਂ ਅਫਰੀਕਾ ਵਿਚ ਮੈਡੀਕਲ ਕਾਲਜ ਬਣਾਇਆ ਸੀ ਅਤੇ ਲੋਕਲ ਡਾਕਟਰਾਂ ਦੀ ਟੀਮ ਤਿਆਰ ਕਰ ਕੇ ਕਾਲਜ ਉਨ੍ਹਾਂ ਦੇ ਹਵਾਲੇ ਕੀਤਾ ਸੀ। ਗ੍ਰੇਗ ਨੂੰ ਵਿਰਾਸਤ ਵਿਚ ਸਮਾਜ ਸੇਵਾ ਮਿਲੀ ਸੀ। ਸਾਇਦ ਇਸ ਕਰ ਕੇ ਉਸ ਉੱਤੇ ਅਮਰੀਕੀ ਸਰਕਾਰ ਦਾ ਏਜੰਟ ਹੋਣ ਦਾ ਲੇਬਲ ਨਹੀਂ ਲੱਗ ਸਕਿਆ। ਇਸ ਕੰਮ ਦੀ ਸਾਰਥਿਕਤਾ ਦੇਖਣ ਤੋਂ ਬਾਅਦ 2008 ਦੇ ਆਸ-ਪਾਸ ਅਮਰੀਕਨ ਫੌਜੀ ਅਧਿਕਾਰੀਆਂ ਨੇ ਵੀ ਉਸ ਦੀ ਸਲਾਘਾ ਕੀਤੀ; ਭਾਵੇਂ ਉਨ੍ਹਾਂ ਮਦਦ ਕੋਈ ਨਹੀਂ ਕੀਤੀ। ਜਿਨ੍ਹਾਂ ਪਿੰਡਾਂ ਵਿਚ ਸਕੂਲ ਖੋਲ੍ਹੇ ਗਏ, ਉਨ੍ਹਾਂ ਵਿਚ ਕਈ ਲੜਕੀਆਂ ਪੜ੍ਹ ਕੇ ਪੈਰਾ-ਮੈਡੀਕਲ ਵਰਕਰ ਅਤੇ ਕੁਝ ਅਧਿਆਪਕ ਬਣ ਗਈਆਂ। ਇਨ੍ਹਾਂ ਪਿੰਡਾਂ ਵਿਚ ਬੱਚੇ ਦੇ ਜਣੇਪੇ ਮੌਕੇ ਔਰਤਾਂ ਅਤੇ ਛੋਟੇ ਬੱਚਿਆਂ ਦੀ ਮੌਤ ਦੀ ਦਰ ਘਟ ਗਈ; ਜਨਮ ਦਰ ਵੀ ਘਟਣ ਲਗ ਪਈ। ਵਿਦਿਆ, ਖਾਸ ਕਰ ਕੇ ਲੜਕੀਆਂ ਦੀ ਵਿਦਿਆ ਨੂੰ ਉਤਸਾਹ ਮਿਲਿਆ ਅਤੇ ਔਰਤਾਂ ਦੇ ਸਕਤੀਕਰਨ ਨੂੰ ਪ੍ਰੇਰਨਾ ਮਿਲੀ। ਲੋਕਾਂ ਦੇ ਸਹਿਯੋਗ ਨਾਲ ਗੈਰ-ਸਰਕਾਰੀ ਸੰਸਥਾ ਉਨ੍ਹਾਂ ਮੁਸਕਿਲ ਪਹਾੜੀ ਥਾਵਾਂ ’ਤੇ ਸਕੂਲ ਕਾਇਮ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਕਾਮਯਾਬ ਹੋ ਗਈ ਜਿਥੇ ਸਰਕਾਰਾਂ ਪਹੁੰਚ ਨਹੀਂ ਸਕੀਆਂ ਸਨ।