ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਮੁਹੱਲਾ ਆਵਾ, ਜਗਰਾਓਂ ਦੀ ਸਲਫਾਸ ਦੀਆਂ ਗੋਲੀਆਂ ਨਿਗਲਣ ਨਾਲ ਮੌਤ ਹੋ ਗਈ। ਉਸ ਦੀ ਮੌਤ ਲਈ ਪ੍ਰੇਮਿਕਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਅੱਗੇ ਪ੍ਰਦਰਸ਼ਨ ਕਰ ਕੇ ਕਾਰਵਾਈ ਦੀ ਮੰਗ ਕੀਤੀ। ਇਸ ’ਤੇ ਥਾਣਾ ਸਿਟੀ ਪੁਲਸ ਨੇ ਪ੍ਰੇਮਿਕਾ ਨੇਹਾ ਅਤੇ ਉਸ ਦੀ ਮਾਂ ਅਮਰਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਪਿਤਾ ਸਰਵਣ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਿਆਹਿਆ ਹੋਇਆ ਸੀ। ਉਸ ਦੀ ਉਮਰ 32 ਸਾਲ ਸੀ ਅਤੇ ਉਸ ਦੇ ਤਿੰਨ ਬੱਚੇ (2 ਮੁੰਡੇ ਅਤੇ ਇਕ ਧੀ) ਹਨ।11 ਅਗਸਤ ਨੂੰ ਇਕ ਕੁੜੀ ਉਸ ਦੇ ਘਰ ਆਈ, ਜੋ ਆਪਣੇ ਆਪ ਨੂੰ ਪਿੰਡ ਝੰਮਟ ਦੀ ਰਹਿਣ ਵਾਲੀ ਦੱਸ ਰਹੀ ਸੀ। ਉਸਦੇ ਹੱਥ ਵਿਚ ਸਲਫਾਸ ਦੀਆਂ ਗੋਲੀਆਂ ਸਨ। ਜਦੋਂ ਉਹ ਉਸਦੇ ਘਰ ਪਹੁੰਚੀ ਤਾਂ ਗੁਰਪ੍ਰੀਤ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰ ਵੀ ਘਰ ’ਚ ਮੌਜੂਦ ਸਨ। ਉਸ ਨੇ ਆਉਂਦਿਆਂ ਹੀ ਗੁਰਪ੍ਰੀਤ ਸਿੰਘ ਨੂੰ ਦੱਸਿਆ ਕਿ ਉਹ ਆਪਣੇ ਨਾਲ ਸਲਫਾਸ ਦੀਆਂ ਗੋਲੀਆਂ ਲੈ ਕੇ ਆਈ ਹੈ। ਹੁਣ ਮੇਰੇ ਨਾਲ ਚੱਲੋ ਨਹੀਂ ਤਾਂ ਮੈਂ ਇਹ ਗੋਲੀਆਂ ਨਿਗਲ ਕੇ ਇੱਥੇ ਮਰ ਜਾਵਾਂਗੀ। ਉੱਥੇ ਲੜਾਈ ਤੋਂ ਬਾਅਦ ਉਹ ਗੁਰਪ੍ਰੀਤ ਸਿੰਘ ਨੂੰ ਆਪਣੇ ਨਾਲ ਜਲੰਧਰ ਲੈ ਗਈ। ਅਗਲੇ ਦਿਨ ਉਕਤ ਕੁੜੀ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਗੁਰਪ੍ਰੀਤ ਸਿੰਘ ਨੂੰ ਲੈ ਕੇ ਥਾਣਾ ਸਿਟੀ ਵਿਖੇ ਪਹੁੰਚ ਗਈ।
ਉੱਥੇ ਵੀ ਉਸ ਦੀ ਗੁਰਪ੍ਰੀਤ ਨਾਲ ਲੜਾਈ ਹੋ ਗਈ ਅਤੇ ਉਸ ਨੂੰ ਧੱਕਾ ਦਿੱਤਾ ਅਤੇ ਬਾਅਦ ਵਿਚ ਉਹ ਸਾਰੇ ਉਥੋਂ ਚਲੇ ਗਏ। ਘਟਨਾ ਤੋਂ ਦੁਖੀ ਹੋ ਕੇ ਗੁਰਪ੍ਰੀਤ ਸਿੰਘ ਨੇ ਬੁੱਧਵਾਰ ਸਵੇਰੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਅਤੇ ਉਸ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ, ਵਾਰਡ ਦੇ ਕੌਂਸਲਰ ਹਿਮਾਂਸ਼ੂ ਮਲਿਕ ਅਤੇ ਹੋਰਨਾਂ ਨੇ ਕਾਰਵਾਈ ਹੋਣ ਤੱਕ ਅੰਤਿਮ ਸੰਸਕਾਰ ਨਾ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਇਕੱਠੇ ਹੋ ਕੇ ਥਾਣਾ ਸਿਟੀ ਵਿਖੇ ਪਹੁੰਚ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਰਪ੍ਰੀਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਇਸ ਮੌਕੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਮੌਤ ਦੇ ਸਬੰਧ ’ਚ ਉਨ੍ਹਾਂ ਦੇ ਘਰ ਆਈ ਕੁੜੀ ਨੇਹਾ ਅਤੇ ਉਸ ਦੀ ਮਾਤਾ ਅਮਰਜੀਤ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।