ਬਾਈਡੇਨ ਨੇ ਮਹਾਦੋਸ਼ ਦੀ ਜਾਂਚ ਨੂੰ ਕੀਤਾ ਖਾਰਿਜ, ਕਿਹਾ- ਸਰਕਾਰ ਦਾ ਕੰਮ ਠੱਪ ਕਰਨਾ ਚਾਹੁੰਦੇ ਨੇ ਰਿਪਬਲਿਕਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਦੇਰ ਰਾਤ ਹਾਊਸ ਆਫ ਰਿਪ੍ਰਜ਼ੈਂਟੇਟਿਵ ਦੇ ਰਿਪਬਲਿਕਨ ਨੇਤਾਵਾਂ ਦੀ ਮਹਾਦੋਸ਼ ਜਾਂਚ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਰਿਪਬਲਿਕਨ ਨੇਤਾਵਾਂ ਨੇ ਉਸ ਵਿਰੁੱਧ ਜਾਂਚ ਸ਼ੁਰੂ ਕੀਤੀ ਕਿਉਂਕਿ ਉਹ ਸੰਘੀ ਸਰਕਾਰ ਦਾ ਕੰਮਕਾਜ ਠੱਪ ਕਰਨਾ ਚਾਹੁੰਦੇ ਸਨ। ਵਰਜੀਨੀਆ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਫੰਡਰੇਜ਼ਰ ਵਿਚ ਬੋਲਦਿਆਂ ਬਾਈਡੇਨ ਨੇ ਕਿਹਾ ਕਿ ਜਾਂਚ ਬਾਰੇ ਚਿੰਤਾ ਕਰਨ ਦੀ ਬਜਾਏ, "ਮੈਂ ਉਨ੍ਹਾਂ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ ਜਿਨ੍ਹਾਂ 'ਤੇ ਅਮਰੀਕੀ ਲੋਕ ਚਾਹੁੰਦੇ ਹਨ ਕਿ ਮੈਂ ਧਿਆਨ ਦੇਵਾਂ।" ਰਾਸ਼ਟਰਪਤੀ ਦੀਆਂ ਪਹਿਲੀਆਂ ਟਿੱਪਣੀਆਂ ਸਪੀਕਰ ਕੇਵਿਨ ਮੈਕਕਾਰਥੀ ਦੁਆਰਾ ਬਾਈਡੇਨ ਵਿਰੁੱਧ ਮਹਾਦੋਸ਼ ਜਾਂਚ ਸ਼ੁਰੂ ਕਰਨ ਦਾ ਐਲਾਨ ਕਰਨ ਤੋਂ ਬਾਅਦ ਆਈਆਂ। ਬਾਈਡੇਨ ਨੇ ਕਿਹਾ ਕਿ "ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਉਹ ਮੇਰੇ 'ਤੇ ਮਹਾਦੋਸ਼ ਚਲਾਉਣਾ ਚਾਹੁੰਦੇ ਹਨ ਕਿਉਂਕਿ ਉਹ ਸਰਕਾਰ ਦਾ ਕੰਮਕਾਜ ਠੱਪ ਕਰਨਾ ਚਾਹੁੰਦੇ ਹਨ,"। ਬਾਈਡੇਨ ਨੇ 2024 ਦੀਆਂ ਚੋਣਾਂ ਵਿੱਚ ਆਪਣੇ ਮੁੱਖ ਵਿਰੋਧੀ ਡੋਨਾਲਡ ਟਰੰਪ ਦੀ ਚੋਟੀ ਦੀ ਸਹਿਯੋਗੀ ਮਾਰਜੋਰੀ ਟੇਲਰ ਗ੍ਰੀਨ ਦਾ ਵੀ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ''ਸਭ ਤੋਂ ਪਹਿਲਾਂ ਕੰਮ ਜੋ ਉਹ ਕਰਨਾ ਚਾਹੁੰਦੀ ਸੀ, ਉਹ ਬਾਈਡੇਨ 'ਤੇ ਮਹਾਦੋਸ਼ ਚਲਾਉਣਾ ਸੀ।''