ਸਰਕਾਰ ਨੇ ਵੀਰਵਾਰ ਨੂੰ ਜਯਾ ਵਰਮਾ ਸਿਨ੍ਹਾ ਨੂੰ ਰੇਲਵੇ ਬੋਰਡ ਦੀ ਪਹਿਲੀ ਮਹਿਲਾ ਸੀ. ਈ. ਓ. ਅਤੇ ਚੇਅਰਪਰਸਨ ਨਿਯੁਕਤ ਕੀਤਾ। ਉਹ ਅਨਿਲ ਕੁਮਾਰ ਲਾਹੋਟੀ ਦੀ ਜਗ੍ਹਾ ਲਵੇਗੀ। ਰੇਲਵੇ ਬੋਰਡ, ਰਾਸ਼ਟਰੀ ਟਰਾਂਸਪੋਰਟਰ ਲਈ ਫ਼ੈਸਲਾ ਲੈਣ ਵਾਲੀ ਸਿਖਰਲੀ ਸੰਸਥਾ ਹੈ। ਜਯਾ ਵਰਮਾ ਨੇ ਰੇਲਵੇ ਬੋਰਡ ਦੀ ਮੈਂਬਰ (ਸੰਚਾਲਨ ਅਤੇ ਕਾਰੋਬਾਰ ਵਿਕਾਸ) ਦੇ ਰੂਪ ’ਚ ਹਾਲ ’ਚ ਓਡਿਸ਼ਾ ਦੇ ਬਾਲਾਸੋਰ ’ਚ ਹੋਏ ਭਿਆਨਕ ਟ੍ਰੇਨ ਹਾਦਸੇ ਤੋਂ ਬਾਅਦ ਔਖੀ ਸਿਗਨਲ ਪ੍ਰਣਾਲੀ ਬਾਰੇ ਮੀਡੀਆ ਨੂੰ ਦੱਸਿਆ ਸੀ। ਇਸ ਹਾਦਸੇ ’ਚ ਲਗਭਗ 300 ਲੋਕਾਂ ਦੀ ਮੌਤ ਹੋ ਗਈ ਸੀ।
ਇਕ ਹੁਕਮ ’ਚ ਕਿਹਾ ਗਿਆ ਹੈ, ਕੈਬਨਿਟ ਦੀ ਨਿਯੁਕਤੀ ਕਮੇਟੀ (ਏ. ਸੀ. ਸੀ.) ਨੇ ਜਯਾ ਵਰਮਾ ਸਿਨ੍ਹਾ, ਮੈਂਬਰ (ਸੰਚਾਲਨ ਅਤੇ ਕਾਰੋਬਾਰ ਵਿਕਾਸ), ਨੂੰ ਰੇਲਵੇ ਬੋਰਡ ਦੀ ਚੇਅਰਪਰਸਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਦੇ ਅਹੁਦੇ ’ਤੇ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।’’ ਉਹ 1 ਸਤੰਬਰ ਜਾਂ ਉਸ ਤੋਂ ਬਾਅਦ ਕਾਰਜਭਾਰ ਸੰਭਾਲੇਗੀ ਅਤੇ ਉਨ੍ਹਾਂ ਦਾ ਕਾਰਜਕਾਲ 31 ਅਗਸਤ, 2024 ਤੱਕ ਹੋਵੇਗਾ। ਉਹ 1 ਅਕਤੂਬਰ ਨੂੰ ਸੇਵਾ ਮੁਕਤ ਹੋਣ ਵਾਲੀ ਹੈ ਪਰ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ’ਤੇ ਇਸ ਨੂੰ ਮੁੜ ਵਧਾਇਆ ਜਾਵੇਗਾ।