ਗਰੁੱਪ-ਏ ਦਾ ਬਾਦਸ਼ਾਹ ਬਣਿਆ ਭਾਰਤ; ਕੀਵੀਆਂ ਨੂੰ 44 ਰਨਾਂ ਨਾਲ ਚਟਾਈ ਧੂੜ, ਹੁਣ ਕੰਗਾਰੂਆਂ ਨਾਲ ਹੋਵੇਗੀ ਟੱਕਰ

ਗਰੁੱਪ-ਏ ਦਾ ਬਾਦਸ਼ਾਹ ਬਣਿਆ ਭਾਰਤ; ਕੀਵੀਆਂ ਨੂੰ 44 ਰਨਾਂ ਨਾਲ ਚਟਾਈ ਧੂੜ, ਹੁਣ ਕੰਗਾਰੂਆਂ ਨਾਲ ਹੋਵੇਗੀ ਟੱਕਰ
India vs New Zealand Match Highlights: ਭਾਰਤ ਨੇ ਨਿਊਜ਼ੀਲੈਂਡ ਨੂੰ 44 ਰਨਾਂ ਨਾਲ ਹਰਾ ਦਿੱਤਾ ਹੈ। ਇਹ ਚੈਂਪਿਅਨਜ਼ ਟਰਾਫੀ (Champions Trophy 2025) ਦੇ ਗਰੁੱਪ ਚਰਣ ਦਾ ਆਖਰੀ ਮੈਚ ਸੀ। ਦੁਬਈ 'ਚ ਖੇਡੇ ਗਏ ਇਸ ਮੈਚ ਵਿੱਚ ਟੀਮ ਇੰਡੀਆ ਨੇ ਪਹਿਲਾਂ ਖੇਡਦਿਆਂ 249 ਰਨ ਬਣਾਏ, ਜਿਸ ਵਿੱਚ ਸ਼੍ਰੇਅਸ ਅਈਅਰ (Shreyas Iyer) ਨੇ 79 ਰਨ ਦੀ ਮਹੱਤਵਪੂਰਨ ਪਾਰੀ ਖੇਡੀ। ਜਵਾਬ 'ਚ ਨਿਊਜ਼ੀਲੈਂਡ ਦੀ ਟੀਮ 205 ਦੌੜਾਂ ‘ਤੇ ਆਲ ਆਊਟ ਹੋ ਗਈ। ਕੇਨ ਵਿਲੀਅਮਸਨ ਨੇ 81 ਰਨ ਬਣਾਏ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਭਾਰਤ ਦੀ ਓਪਨਿੰਗ ਜੋੜੀ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਸਸਤੇ 'ਚ ਆਊਟ ਹੋ ਗਏ। ਇਹ ਵਿਰਾਟ ਕੋਹਲੀ ਦੇ ਕਰੀਅਰ ਦਾ 300ਵਾਂ ਵਨਡੇ ਮੈਚ ਸੀ, ਜਿਸ ਵਿੱਚ ਉਹ ਵਧੀਆ ਫਾਰਮ 'ਚ ਲੱਗ ਰਹੇ ਸਨ, ਪਰ ਗਲੇਨ ਫਿਲਿਪਸ ਨੇ ਐਹੋ ਜਿਹਾ ਜਾਦੂਈ ਕੈਚ ਲਪਕਿਆ ਕਿ ਸਾਰਾ ਮੈਦਾਨ ਹੈਰਾਨ ਰਹਿ ਗਿਆ। 
ਵਿਰਾਟ ਕੋਹਲੀ ਨੇ 11 ਰਨ ਬਣਾਏ। ਸੰਕਟ ਦੀ ਸਥਿਤੀ 'ਚ ਸ਼੍ਰੇਅਸ ਅਈਅਰ ਅਤੇ ਅਕਸ਼ਰ ਪਟੇਲ ਨੇ ਟੀਮ ਇੰਡੀਆ ਨੂੰ ਸੰਭਾਲਿਆ। ਦੋਵਾਂ ਦੀ ਵਿਚਾਲੀ 98 ਰਨਾਂ ਦੀ ਭਾਗੀਦਾਰੀ ਹੋਈ। ਸ਼੍ਰੇਅਸ ਅਈਅਰ ਨੇ 79 ਅਤੇ ਅਕਸ਼ਰ ਪਟੇਲ ਨੇ 42 ਰਨ ਬਣਾਏ। ਹਾਰਦਿਕ ਪਾਂਡਿਆ ਨੇ ਵੀ 45 ਰਨ ਦੀ ਪਾਰੀ ਖੇਡ ਟੀਮ ਨੂੰ 249 ਦੇ ਸਕੋਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। 

ਭਾਰਤ ਦੀ ਜਿੱਤ ਵਿੱਚ ਸਭ ਤੋਂ ਵੱਡਾ ਯੋਗਦਾਨ ਸ਼੍ਰੇਅਸ ਅਈਅਰ ਅਤੇ ਵਰੁਣ ਚੱਕਰਵਰਤੀ ਦਾ ਰਿਹਾ। ਪਹਿਲਾਂ ਦੁਬਈ ਦੀ ਹੌਲੀ ਪਿਚ 'ਤੇ ਸ਼੍ਰੇਅਸ ਅਈਅਰ ਨੇ 79 ਰਨ ਦੀ ਪਾਰੀ ਖੇਡੀ। ਉਧਰ ਗੇਂਦਬਾਜੀ ਵਿੱਚ ਵਰੁਣ ਚੱਕਰਵਰਤੀ ਨੇ 5 ਵਿਕਟਾਂ ਲੈ ਕੇ ਨਿਊਜੀਲੈਂਡ ਦੇ ਬੱਲੇਬਾਜਾਂ ਨੂੰ ਖੂਬ ਤੰਗ ਕੀਤਾ। ਇਹ ਚੱਕਰਵਰਤੀ ਦਾ ਚੈਂਪਿਅਨਜ਼ ਟਰਾਫੀ ਡੈਬਿਊ ਮੈਚ ਸੀ, ਜਿਸ ਵਿੱਚ ਉਹ 5 ਵਿਕਟ ਲੈ ਕੇ ਇਤਿਹਾਸ ਰਚਣ ਵਾਲੇ ਪਹਿਲੇ ਭਾਰਤੀ ਗੇਂਦਬਾਜ ਬਣ ਗਏ ਹਨ।

ਗਰੁੱਪ-ਏ ਦਾ ਬਾਦਸ਼ਾਹ ਭਾਰਤ, ਸੈਮੀਫਾਈਨਲ 'ਚ ਕਿਸ ਨਾਲ ਹੋਵੇਗਾ ਟਕਰਾਅ

ਭਾਰਤੀ ਟੀਮ ਨੇ ਚੈਂਪਿਅਨਜ਼ ਟਰਾਫੀ ਦੇ ਗਰੁੱਪ-ਏ ਵਿੱਚ ਆਪਣੇ ਤਿੰਨੋ ਮੈਚ ਜਿੱਤਕੇ ਟੌਪ ਕੀਤਾ ਹੈ। ਟੀਮ ਇੰਡੀਆ ਨੇ ਇਸ ਤੋਂ ਪਹਿਲਾਂ ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ 6-6 ਵਿਕਟਾਂ ਨਾਲ ਹਰਾਇਆ ਸੀ। ਹੁਣ ਨਿਊਜੀਲੈਂਡ ਨੂੰ ਵੀ 44 ਰਨ ਨਾਲ ਧੂੜ ਚਟਾ ਦਿੱਤੀ। ਇਹ ਚੈਂਪਿਅਨਜ਼ ਟਰਾਫੀ 2025 ਵਿੱਚ ਪਹਿਲਾ ਮੌਕਾ ਹੈ ਜਦੋਂ ਦੁਬਈ ਕ੍ਰਿਕਟ ਗਰਾਊਂਡ 'ਚ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ ਹੈ। ਸੈਮੀਫਾਈਨਲ ਦਾ ਸਮੀਕਰਨ ਅਨੁਸਾਰ ਗਰੁੱਪ-ਏ ਵਿੱਚ ਟੌਪ ਕਰਨ ਵਾਲੀ ਟੀਮ ਦਾ ਟਕਰਾਅ ਗਰੁੱਪ-ਬੀ ਵਿੱਚ ਦੂਜੇ ਨੰਬਰ ਦੀ ਟੀਮ ਨਾਲ ਹੋਵੇਗਾ। ਹੁਣ 4 ਮਾਰਚ ਨੂੰ ਭਾਰਤ ਪਹਿਲੇ ਸੈਮੀਫਾਈਨਲ ਵਿੱਚ ਦੁਬਈ 'ਚ ਮੈਦਾਨ 'ਚ ਉਤਰੇਗਾ।