ਓਂਟਾਰੀਓ ਚੋਣਾਂ: ਡੱਗ ਫੋਰਡ ਵੱਲੋਂ ਤੀਜੀ ਵਾਰ ਵੱਡੀ ਜਿੱਤ ਦਰਜ

ਓਂਟਾਰੀਓ ਚੋਣਾਂ: ਡੱਗ ਫੋਰਡ ਵੱਲੋਂ ਤੀਜੀ ਵਾਰ ਵੱਡੀ ਜਿੱਤ ਦਰਜ

ਵੈਨਕੂਵਰ, 28 ਫਰਵਰੀ

ਓਂਟਾਰੀਓ ਵਿਧਾਨ ਸਭਾ ਦੀਆਂ ਮੱਧਕਾਲੀ ਚੋਣਾਂ ਵਿੱਚ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਆਗੂ ਡੱਗ ਫੋਰਡ ਦੀ ਅਗਵਾਈ ਹੇਠ ਵੱਡੀ ਜਿੱਤ ਦਰਜ ਕਰਕੇ ਰਿਕਾਰਡ ਬਣਾਇਆ ਹੈ। ਵਿਰੋਧੀ ਪਾਰਟੀਆਂ ’ਚੋਂ ਲਿਬਰਲ ਪਾਰਟੀ ਦੀ ਆਗੂ ਬੋਨੀ ਕਰੰਬੀ ਖੁਦ ਆਪਣੀ ਮਿਸੀਸਾਗਾ ਸੀਟ ਤੋਂ ਚੋਣ ਹਾਰ ਗਈ ਹੈ।  ਚੋਣ ਨਤੀਜਿਆਂ ਅਨੁਸਾਰ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 82 ਸੀਟਾਂ ਜਿੱਤ ਕੇ ਰਿਕਾਰਡ ਬਣਾਇਆ ਹੈ, ਜਦਕਿ ਐੱਨਡੀਪੀ 25 ਸੀਟਾਂ ਜਿੱਤ ਕੇ ਪਿਛਲੀ ਵਾਰ ਦੇ ਅੰਕੜੇ ਨੇੜੇ ਰਹੀ। ਇਸ ਵਾਰ ਲਿਬਰਲ ਪਾਰਟੀ ਨੂੰ ਕਾਫੀ ਖੋਰਾ ਲੱਗਾ ਤੇ ਉਸ ਦੇ ਹਿੱਸੇ ਸਿਰਫ 14 ਸੀਟਾਂ ਹੀ ਆਈਆਂ। ਗਰੀਨ ਪਾਰਟੀ ਪਹਿਲਾਂ ਵਾਂਗ 2 ਸੀਟਾਂ ’ਤੇ ਹੀ ਜਿੱਤ ਹਾਸਲ ਕਰ ਸਕੀ। ਇੱਕ ਸੀਟ ਆਜ਼ਾਦ ਉਮੀਦਵਾਰ ਨੇ ਹਾਸਲ ਕੀਤੀ।

ਪਿਛਲੀ ਵਾਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 40 ਫੀਸਦ ਵੋਟਾਂ ਹਾਸਲ ਕੀਤੀਆਂ ਸਨ। ਇਸ ਵਾਰ ਉਸ ਨੂੰ 43 ਫੀਸਦ ਵੋਟ ਪਈ। ਐੱਨਡੀਪੀ ਨੂੰ 20 ਫੀਸਦ ਦੇ ਕਰੀਬ ਵੋਟਾਂ ਪਈਆਂ। ਪਿਛਲੀ ਵਾਰ ਲਿਬਰਲ ਪਾਰਟੀ ਨੂੰ 21 ਫੀਸਦ ਵੋਟਾਂ ਪਈਆਂ ਸੀ, ਪਰ ਇਸ ਵਾਰ ਉਸ ਦਾ ਵੋਟ ਫੀਸਦ ਵਧ ਕੇ 30 ਫੀਸਦ ਹੋਣ ਦੇ ਬਾਵਜੂਦ ਸੀਟਾਂ ਘਟ ਗਈਆਂ ਹਨ। ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਬਰੈਂਪਟਨ ਤੋਂ ਆਪਣੀ ਸੀਟ ਵੱਡੇ ਫਰਕ ਨਾਲ ਜਿੱਤੀ ਹੈ। ਬਰੈਂਪਟਨ ਪੂਰਬੀ ਹਲਕੇ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਗਰੇਵਾਲ ਨੇ ਮੁੜ ਸੀਟ ਜਿੱਤੀ ਹੈ। ਬਰੈਂਪਟਨ ਪੱਛਮੀ ਤੋਂ ਅਮਰਜੋਤ ਸਿੰਘ ਸੰਧੂ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਐਂਡ੍ਰਿਊ ਕਾਨੀਆ ਖ਼ਿਲਾਫ਼ ਜਿੱਤ ਦਰਜ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਡੱਗ ਫੋਰਡ ਵੱਲੋਂ ਕੈਨੇਡਿਆਈ ਲੋਕਾਂ ਨੂੰ ਅਮਰੀਕਾ ਖ਼ਿਲਾਫ਼ ਇਕਜੁੱਟ ਹੋਣ ਦਾ ਦਿੱਤਾ ਸੱਦਾ ਹੀ ਉਸ ਦੀ ਵੱਡੀ ਜਿੱਤ ਦਾ ਕਾਰਨ ਬਣਿਆ ਹੈ।