ਰਿਹਾਈ ਦੇ ਹੁਕਮ ਤੋਂ ਤੁਰੰਤ ਬਾਅਦ ਇਮਰਾਨ ਖਾਨ ਮੁੜ ਗ੍ਰਿਫ਼ਤਾਰ

ਰਿਹਾਈ ਦੇ ਹੁਕਮ ਤੋਂ ਤੁਰੰਤ ਬਾਅਦ ਇਮਰਾਨ ਖਾਨ ਮੁੜ ਗ੍ਰਿਫ਼ਤਾਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਵੱਲੋਂ ਤੋਸ਼ਾਖਾਨਾ ਕੇਸ ਵਿੱਚ ਰਿਹਾਈ ਦੇ ਹੁਕਮ ਦਿੱਤੇ ਜਾਣ ਤੋਂ ਤੁਰੰਤ ਬਾਅਦ ਐਫ.ਆਈ.ਏ ਨੇ ਗ੍ਰਿਫ਼ਤਾਰ ਕਰ ਲਿਆ। ਉਸ ਦੀ ਗ੍ਰਿਫ਼ਤਾਰੀ ਇੱਕ ਸਿਫਰ ਕੇਸ ਵਿੱਚ ਹੋਈ ਹੈ। ਇਸ ਮਾਮਲੇ ਵਿੱਚ ਉਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟਦੇ ਹੋਏ ਉਸ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਦੇ ਇਸ ਫ਼ੈਸਲੇ ਦਾ ਪੀ.ਟੀ.ਆਈ ਨੇ ਸਵਾਗਤ ਕਰਦਿਆਂ ਇਸ ਨੂੰ ਸੰਵਿਧਾਨ ਦੀ ਜਿੱਤ ਦੱਸਿਆ ਸੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਨ੍ਹਾਂ ਦੀ ਜਗ੍ਹਾ ਅਨਵਰ ਉਲ ਹੱਕ ਕੇਅਰਟੇਕਰ ਪ੍ਰਧਾਨ ਮੰਤਰੀ ਬਣੇ ਹਨ। ਬਲੋਚਿਸਤਾਨ ਅਵਾਮੀ ਪਾਰਟੀ ਨਾਲ ਜੁੜੇ ਸੈਨੇਟਰ ਅਨਵਰ-ਉਲ-ਹੱਕ ਇਸ ਸਾਲ ਦੇ ਅੰਤ ਵਿੱਚ ਨਵੀਆਂ ਚੋਣਾਂ ਹੋਣ ਤੱਕ ਕਾਰਜਕਾਰੀ ਸਰਕਾਰ ਦੀ ਅਗਵਾਈ ਕਰਨਗੇ। ਪ੍ਰਧਾਨ ਮੰਤਰੀ ਸ਼ਰੀਫ਼ ਨੇ 9 ਅਗਸਤ ਨੂੰ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਅਜਿਹੇ 'ਚ ਸੰਵਿਧਾਨ ਮੁਤਾਬਕ ਅਗਲੀਆਂ ਆਮ ਚੋਣਾਂ 90 ਦਿਨਾਂ 'ਚ ਹੋਣੀਆਂ ਹਨ।