ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੀ ਪਹਿਲੀ ਪ੍ਰਾਇਮਰੀ ਬਹਿਸ ’ਚ ਟਕਰਾਏ ਹੇਲੀ ਅਤੇ ਰਾਮਾਸਵਾਮੀ

ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੀ ਪਹਿਲੀ ਪ੍ਰਾਇਮਰੀ ਬਹਿਸ ’ਚ ਟਕਰਾਏ ਹੇਲੀ ਅਤੇ ਰਾਮਾਸਵਾਮੀ
ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ’ਚ ਸ਼ਾਮਲ ਭਾਰਤੀ-ਅਮਰੀਕੀ ਦਾਅਵੇਦਾਰ ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੀ ਪਹਿਲੀ ਪ੍ਰਾਇਮਰੀ ਵਿੱਚ ਵਿਦੇਸ਼ ਨੀਤੀ ਦੇ ਮੁੱਦੇ ’ਤੇ ਬਹਿਸ ਕੀਤੀ। ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਹੇਲੀ ਨੇ ਆਪਣੇ ਵਿਰੋਧੀ ਅਤੇ ਉਦਯੋਗਪਤੀ ਰਾਮਾਸਵਾਮੀ ’ਤੇ ਵਿਦੇਸ਼ ਨੀਤੀ ਦਾ ਬਹੁਤ ਘੱਟ ਤਜ਼ਰਬਾ ਰੱਖਣ ਅਤੇ ਰੂਸ ਦਾ ਪੱਖ ਲੈਣ ਦਾ ਦੋਸ਼ ਲਗਾਇਆ। ਉੱਥੇ ਹੀ ਅਮਰੀਕੀ ਮੀਡੀਆ ਮੁਤਾਬਕ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬਹਿਸ ’ਚ ਹਿੱਸਾ ਨਹੀਂ ਲਿਆ।

ਹੇਲੀ (51) ਅਤੇ ਰਾਮਾਸਵਾਮੀ (38) ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵਿਦੇਸ਼ ਨੀਤੀ ਦੇ ਮੁੱਦਿਆਂ ਨੂੰ ਲੈ ਕੇ ਵਿਵਾਦਾਂ ’ਚ ਹਨ। ਮਿਲਵਾਕੀ, ਵਿਸਕਾਨਸਿਨ ’ਚ ਬੁੱਧਵਾਰ ਨੂੰ ਹੋਈ ਬਹਿਸ ਦੌਰਾਨ ਹੇਲੀ ਨੇ ਰਾਮਾਸਵਾਮੀ ’ਤੇ ਅਮਰੀਕਾ ਦੇ ਦੁਸ਼ਮਣਾਂ ਦਾ ਸਮਰਥਨ ਕਰਨ ਅਤੇ ਆਪਣੇ ਦੋਸਤਾਂ ਦਾ ਸਮਰਥਨ ਨਾ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਪਹਿਲਾਂ ਰਾਮਾਸਵਾਮੀ ਨੇ ਕਿਹਾ ਸੀ ਕਿ ਉਹ ਰੂਸ ਖ਼ਿਲਾਫ਼ ਜੰਗ ਵਿੱਚ ਯੂਕ੍ਰੇਨ ਦਾ ਸਮਰਥਨ ਨਹੀਂ ਕਰਨਗੇ।