ਕਾਮਯਾਬੀ ਨਾਲ ਬਦਲਿਆ ਗਿਆ ਆਦਿੱਤਿਆ ਐੱਲ-1 ਦਾ ਪੰਧ

ਕਾਮਯਾਬੀ ਨਾਲ ਬਦਲਿਆ ਗਿਆ ਆਦਿੱਤਿਆ ਐੱਲ-1 ਦਾ ਪੰਧ

 ਸੂਰਜ ਦੇ ਰਹੱਸ ਪਤਾ ਕਰਨ ਲਈ 15 ਲੱਖ ਕਿਲੋਮੀਟਰ ਦੇ ਸਫ਼ਰ ਨਿਕਲਿਆ ‘ਆਦਿੱਤਿਆ ਐੱਲ1’ ਸਹੀ ਤਰੀਕੇ ਨਾਲ ਅੱਗੇ ਵਧ ਰਿਹਾ ਹੈ। ਐਤਵਾਰ ਨੂੰ ਪਹਿਲੀ ਵਾਰ ਇਸ ਦਾ ਪੰਧ ਬਦਲਿਆ ਗਿਆ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਕਸ ’ਤੇ ਪੋਸਟ ਕੀਤਾ, ‘ਟੈਲੀਮੈਟਰੀ, ਟ੍ਰੈਕਿੰਗ ਤੇ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਨਾਲ ਆਦਿੱਤਿਆ ਦਾ ਪੰਧ ਕਾਮਯਾਬੀ ਨਾਲ ਬਦਲ ਦਿੱਤਾ ਗਿਆ। ਹੁਣ ਇਹ 245 ਕਿਲੋਮੀਟਰ X 22459 ਕਿਮੀ ਦੇ ਪੰਧ ’ਚ ਹੈ। ਇਸ ਦਾ ਮਤਲਬ ਹੈ ਕਿ ਹੁਣ ਇਹ ਜਿਸ ਪੰਧ ’ਚ ਹੈ ਉਸ ਤੋਂ ਧਰਦੀ ਦੀ ਵੱਧ ਤੋਂ ਵੱਧ ਦੂਰੀ 22459 ਕਿਲੋਮੀਟਰ ਤੇ ਘੱਟੋ-ਘੱਟ ਦੂਰੀ 245 ਕਿਲੋਮੀਟਰ ਹੈ। ਮੰਗਲਵਾਰ ਨੂੰ ਪੰਜ ਸਤੰਬਰ ਨੂੰ ਤੜਕੇ ਕਰੀਬ ਤਿੰਨ ਵਜੇ ਫਿਰ ਪੰਧ ਬਦਲਿਆ ਜਾਵੇਗਾ।

ਆਦਿੱਤਿਆ-ਐੱਲ1 16 ਦਿਨਾਂ ਤੱਕ ਧਰਤੀ ਦੇ ਪੰਧ ’ਚ ਰਹੇਗਾ। ਪੜਾਅਵਾਰ ਤਰੀਕੇ ਨਾਲ ਪੰਧ ਬਦਲਦੇ ਹੋਏ ‘ਆਦਿੱਤਿਆ’ ਨੂੰ ਧਰਤੀ ਦੇ ਗੁਰਤਾਬਲ ਖੇਤਰ ਤੋਂ ਬਾਹਰ ਕੱਢਿਆ ਜਾਵੇਗਾ। ਇਸ ਤੋਂ ਬਾਅਦ ਕਰੂਜ਼ ਪੜਾਅ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਇਹ ਐੱਲ1 ਦੇ ਚਾਰਾਂ ਪਾਸਿਆਂ ਦੇ ਪੰਧ ’ਚ ਦਾਖ਼ਲ ਹੋਵੇਗਾ।