ਚੀਨੀ ਰਾਸ਼ਟਰਪਤੀ ਜੀ-20 ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ

ਚੀਨੀ ਰਾਸ਼ਟਰਪਤੀ ਜੀ-20 ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਹਫ਼ਤੇ ਨਵੀਂ ਦਿੱਲੀ 'ਚ ਹੋਣ ਵਾਲੇ ਜੀ-20 ਸੰਮੇਲਨ 'ਚ ਸ਼ਾਮਲ ਨਹੀਂ ਹੋਣਗੇ ਅਤੇ ਉਨ੍ਹਾਂ ਦੇ ਦੇਸ਼ ਦੇ ਵਫਦ ਦੀ ਅਗਵਾਈ ਪ੍ਰਧਾਨ ਮੰਤਰੀ ਲੀ ਕੇਕਿਯਾਂਗ ਕਰਨਗੇ। ਇੱਥੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਭਾਰਤ ਗਣਰਾਜ ਸਰਕਾਰ ਦੇ ਸੱਦੇ 'ਤੇ ਸਟੇਟ ਕੌਂਸਲ ਦੇ ਪ੍ਰੀਮੀਅਰ ਲੀ ਕੇਕਿਯਾਂਗ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ, ਭਾਰਤ ਵਿੱਚ ਹੋਣ ਵਾਲੇ 18ਵੇਂ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣਗੇ।  
 
ਬੁਲਾਰੇ ਮਾਓ ਨੇ ਪਹਿਲੀ ਵਾਰ ਭਾਰਤ ਦੀ ਮੇਜ਼ਬਾਨੀ ਵਾਲੇ ਉੱਚ ਪੱਧਰੀ ਸੰਮੇਲਨ ਤੋਂ ਸ਼ੀ ਦੀ ਗੈਰਹਾਜ਼ਰੀ ਦਾ ਕੋਈ ਕਾਰਨ ਨਹੀਂ ਦੱਸਿਆ। ਰਾਸ਼ਟਰਪਤੀ ਸ਼ੀ ਇਸ ਹਫ਼ਤੇ ਜਕਾਰਤਾ ਵਿੱਚ ਆਸੀਆਨ (ਦੱਖਣੀ-ਪੂਰਬੀ ਏਸ਼ੀਆਈ ਰਾਸ਼ਟਰਾਂ ਦੀ ਐਸੋਸੀਏਸ਼ਨ) ਅਤੇ ਪੂਰਬੀ ਏਸ਼ੀਆ ਸੰਮੇਲਨ ਵਿੱਚ ਵੀ ਸ਼ਾਮਲ ਨਹੀਂ ਹੋਣਗੇ। ਪ੍ਰੀਮੀਅਰ ਲੀ ਇੰਡੋਨੇਸ਼ੀਆ ਵਿੱਚ ਆਸੀਆਨ ਸੰਮੇਲਨ ਵਿੱਚ ਚੀਨ ਦੀ ਪ੍ਰਤੀਨਿਧਤਾ ਕਰਨਗੇ। ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਹੋਰ ਬੁਲਾਰੇ ਵਾਂਗ ਵੇਨਬਿਨ ਨੇ 1 ਸਤੰਬਰ ਨੂੰ ਐਲਾਨ ਕੀਤਾ ਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਸੱਦੇ 'ਤੇ ਮੌਜੂਦਾ ਆਸੀਆਨ ਚੇਅਰ, ਰਾਜ ਪ੍ਰੀਸ਼ਦ ਦੇ ਪ੍ਰੀਮੀਅਰ ਲੀ 5 ਤੋਂ 8 ਸਤੰਬਰ ਤੱਕ ਇੰਡੋਨੇਸ਼ੀਆ ਦੇ ਜਕਾਰਤਾ ਵਿਚ ਹੋਣ ਵਾਲੇ 26ਵੇਂ ਚੀਨ-ਆਸੀਆਨ ਸੰਮੇਲਨ, 26ਵੇਂ ਆਸੀਆਨ ਪਲੱਸ ਥ੍ਰੀ (ਏ.ਪੀ.ਟੀ.) ਸੰਮੇਲਨ ਅਤੇ 18ਵੇਂ ਪੂਰਬੀ ਏਸ਼ੀਆ ਸੰਮੇਲਨ ਵਿੱਚ ਸ਼ਿਰਕਤ ਕਰਨਗੇ ਅਤੇ ਇੰਡੋਨੇਸ਼ੀਆ ਦਾ ਅਧਿਕਾਰਤ ਦੌਰਾ ਕਰਨਗੇ।