ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚੀਨ ਨੂੰ ਮਾਨਕ ਨਕਸ਼ੇ ਵਿੱਚ ਆਪਣਾ ਹਿੱਸਾ ਦੱਸੇ ਜਾਣ ਦੇ ਪਿਛੋਕੜ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਦਾਅਵਾ ਕੀਤਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਕਿਉਂਕਿ ਚੀਨ ਨੇ ਪਹਿਲਾਂ ਹੀ ਲੱਦਾਖ ’ਚ ਵੀ ਭਾਰਤੀ ਜ਼ਮੀਨ ਹੜੱਪ ਲਈ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਕੁਝ ਕਹਿਣਾ ਚਾਹੀਦਾ ਹੈ। ਰਾਹੁਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਲੱਦਾਖ ਵਿੱਚ ਇੱਕ ਇੰਚ ਜ਼ਮੀਨ ਵੀ ਨਹੀਂ ਗਈ ਹੈ। ਇਹ ਬਿਲਕੁਲ ਝੂਠ ਹੈ। ਪੂਰਾ ਲੱਦਾਖ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਹੜੱਪ ਲਈ ਹੈ। ਨਕਸ਼ੇ ਦਾ ਮੁੱਦਾ ਵੀ ਗੰਭੀਰ ਹੈ । ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਨੇ ਕਰਨਾਟਕ ਦੇ ਲੋਕਾਂ ਨਾਲ ਕੀਤੇ ਮੁੱਖ ਚੋਣ ਵਾਅਦੇ ਪੂਰੇ ਕਰ ਦਿੱਤੇ ਹਨ । ਮੁੱਖ ਮੰਤਰੀ ਸਿੱਧਰਮਈਆ ਦੀ ਅਗਵਾਈ ਵਾਲੀ ਸਰਕਾਰ ਵਲੋਂ ਕੀਤੇ ਗਏ 'ਕੰਮ' ਨੂੰ ਪੂਰੇ ਦੇਸ਼ ਵਿੱਚ ਦੁਹਰਾਇਆ ਜਾਵੇਗਾ। ਰਾਹੁਲ ਨੇ ਕਿਹਾ ਕਿ ਕਰਨਾਟਕ ਵਿੱਚ ਕਾਂਗਰਸ ਦੀਆਂ 5 ਗਾਰੰਟੀਆਂ ਸਿਰਫ਼ ਯੋਜਨਾਵਾਂ ਨਹੀਂ ਸਗੋਂ ਸ਼ਾਸਨ ਦਾ ਮਾਡਲ ਹਨ।