ਕ੍ਰੈਡਿਟ ਏਜੰਸੀ ਮੂਡੀਜ਼ ਨੇ ਅਮਰੀਕਾ ਦੇ 10 ਛੋਟੇ ਅਤੇ ਦਰਮਿਆਨੇ ਆਕਾਰ ਦੇ ਬੈਂਕਾਂ ਦੀ ਰੇਟਿੰਗ ਘਟਾ ਦਿੱਤੀ ਹੈ। ਬੈਂਕ ਆਫ ਨਿਊਯਾਰਕ ਮੈਲਨ, ਯੂ. ਐੱਸ. ਬੈਨਕਾਰਕ, ਸਟੇਟ ਸਟ੍ਰੀਟ, ਟਰੂਈਸਟ ਫਾਈਨਾਂਸ਼ੀਅਲ, ਫ੍ਰਾਸਟ ਬੈਂਕਰਸ ਅਤੇ ਨਾਰਦਨ ਟਰੱਸਟ ਬੈਂਕ ਅਜਿਹੇ ਬੈਂਕ ਹਨ, ਜਿਨ੍ਹਾਂ ਦੀ ਰੇਟਿੰਗ ਨੂੰ ਡਾਊਨਗ੍ਰੇਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੂਡੀਜ਼ ਨੇ 11 ਹੋਰ ਬੈਂਕਾਂ ਨੂੰ ਲੈ ਕੇ ਆਪਣਾ ਆਊਟਲੁੱਕ ਨੈਗੇਟਿਵ ਕਰ ਦਿੱਤਾ ਹੈ। ਇਸ ਵਿੱਚ ਕੈਪੀਟਲ 1, ਸਿਟੀਜ਼ਨ ਫਾਈਨਾਂਸ਼ੀਅਲ ਅਤੇ ਫਿਫਥ ਥਰਡ ਬੈਂਕਾਰਕ ਸ਼ਾਮਲ ਹੈ।
ਇਸ ਤੋਂ ਇਲਾਵਾ ਐੱਮ. ਐੱਨ. ਟੀ. ਬੈਂਕ, ਪੈਨਾਕਲ ਫਾਈਨਾਂਸ਼ੀਅਲ, ਬੀ. ਓ. ਕੇ. ਫਾਈਨਾਂਸ਼ੀਅਲ, ਵੈੱਬਸਟਰਸ ਫਾਈਨਾਂਸ਼ੀਅਲ ਦੀ ਆਊਟਲੁੱਕ ਵੀ ਨੈਗੇਟਿਵ ਕੀਤੀ ਗਈ ਹੈ। ਮੂਡੀਜ਼ ਦੀ ਇਸ ਰਿਪੋਰਟ ਤੋਂ ਬਾਅਦ ਅਮਰੀਕੀ ਬਾਜ਼ਾਰਾਂ ’ਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਡਾਓ ਜੋਨਸ ਮੰਗਲਵਾਰ ਸ਼ਾਮ ਨੂੰ 450 ਅੰਕ ਡਿਗ ਗਿਆ। ਐੱਸ. ਐਂਡ ਪੀ. 500 ਅਤੇ ਨੈਸਡੈਕ ਵੀ ਇਕ ਫ਼ੀਸਦੀ ਤੋਂ ਵੱਧ ਗਿਰਾਵਟ ਨਾਲ ਟ੍ਰੇਡ ਕਰ ਰਹੇ ਹਨ। ਕੁੱਝ ਮਹੀਨੇ ਪਹਿਲਾਂ ਅਮਰੀਕਾ ਵਿੱਚ ਇਕ ਤੋਂ ਬਾਅਦ ਇਕ ਕਈ ਬੈਂਕ ਡੁੱਬ ਗਏ ਸਨ, ਜਿਸ ਨਾਲ ਪੂਰੀ ਬੈਂਕਿੰਗ ਇੰਡਸਟਰੀ ਬੁਰੀ ਤਰ੍ਹਾਂ ਹਿੱਲ ਗਈ ਸੀ। ਦੇਸ਼ ਦੇ ਤਿੰਨ ਵੱਡੇ ਬੈਂਕ ਸਿਲੀਕਾਨ ਵੈੱਲੀ ਬੈਂਕ, ਸਿਗਨੇਚਰ ਬੈਂਕ ਅਤੇ ਫਸਟ ਰਿਪਬਲਿਕ ਡੁੱਬ ਗਏ ਸਨ।