ਮੁੰਡਿਆਂ ਨੂੰ ਹੁੱਲੜਬਾਜ਼ੀ ਕਰਨ ਤੋਂ ਰੋਕਣ ਨੂੰ ਲੈ ਕੇ ਹੋਇਆ ਝਗੜਾ : ਬੈਂਡਿਗੋ ਦੇ ਸ਼ਾਪਿੰਗ ਮਾਲ ’ਚ ਸਥਾਨਕ ਮੁੰਡਿਆਂ ਨੇ ਹੁੱਲੜਬਾਜ਼ੀ ਕਰਦਿਆਂ ਸਿੱਖ ਸਕਿਉਰਿਟੀ ਗਾਰਡ ਦੀ ਦਸਤਾਰ ਲਾਹ ਦਿੱਤੀ। ਇਹ ਘਟਨਾ ਕੱਲ੍ਹ ਦੁਪਹਿਰ ਸਮੇਂ ਵਾਪਰੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੁੱਝ ਵਿਅਕਤੀਆਂ ਨੇ ਸ਼ਾਪਿੰਗ ਮਾਲ ’ਚ ਹੁੱਲੜਬਾਜ਼ੀ ਕੀਤੀ ਤੇ ਉੱਚੀ ਆਵਾਜ਼ ’ਚ ਸੰਗੀਤ ਚਲਾ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।
ਬਚਾਅ ਕਰਨ ਆਏ ਲੋਕਾਂ ਨੂੰ ਵੀ ਹੁੱਲੜਬਾਜ਼ਾਂ ਨੇ ਕੀਤੀ ਕੁੱਟਮਾਰ
ਡਿਊਟੀ ’ਤੇ ਤਾਇਨਾਤ ਸਿੱਖ ਨੌਜਵਾਨ ਸਕਿਉਰਿਟੀ ਗਾਰਡ ਵੱਲੋਂ ਰੋਕਣ ’ਤੇ ਹੁੱਲੜਬਾਜ਼ਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਦਸਤਾਰ ਲਾਹ ਦਿੱਤੀ। ਮਾਲ ’ਚ ਸਕਿਉਰਿਟੀ ਗਾਰਡ ਦੀ ਮਦਦ ਲਈ ਆਏ ਕੁਝ ਲੋਕਾਂ ਦੀ ਵੀ ਹੁੱਲੜਬਾਜ਼ਾਂ ਨੇ ਕੁੱਟਮਾਰ ਕੀਤੀ। ਇਸ ਦੌਰਾਨ ਸਥਿਤੀ ਵਿਗੜਨ ਕਾਰਨ ਸ਼ਾਪਿੰਗ ਮਾਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ।ਪੁਲਿਸ ਅਧਿਕਾਰੀ ਨੇ ਕਿਹਾ ਕਿ ਹਮਲੇ ’ਚ ਸ਼ਾਮਲ 14 ਤੋਂ 17 ਸਾਲ ਦੀ ਉਮਰ ਦੇ ਚਾਰ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ। 9 ਜਣੇ ਜਾਂਚ ਦੇ ਘੇਰੇ ’ਚ ਹਨ ਤੇ ਕੁਝ ਹੋਰਨਾਂ ਤੋਂ ਵੀ ਪੁੱਛ-ਪੜਤਾਲ ਜਾਰੀ ਹੈ, ਜਿਸ ਮਗਰੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨਾਲ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਛਾਈ ਹੋਈ।