ਨਵੀਂ ਦਿੱਲੀ, 5 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਉਦਯੋਗ ਜਗਤ ਨੂੰ ਅਜਿਹੇ ਸਮੇਂ ਵਿੱਚ ਆਲਮੀ ਮੌਕਿਆਂ ਦਾ ਲਾਹਾ ਲੈਣ ਲਈ ‘ਵੱਡੇ ਕਦਮ’ ਚੁੱਕਣ ਦਾ ਸੱਦਾ ਦਿੱਤਾ, ਜਦੋਂ ਸੰਸਾਰ ਭਾਰਤ ਨੂੰ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਰਮਾਣ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਦੋ ਮਿਸ਼ਨ ਸ਼ੁਰੂ ਕਰੇਗੀ। ਇੱਥੇ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਉਦਯੋਗ ਜਗਤ ਨੂੰ ਨਵੇਂ ਉਤਪਾਦਾਂ ਦੀ ਪਛਾਣ ਕਰਨ ਲਈ ਕਿਹਾ, ਜਿਨ੍ਹਾਂ ਨੂੰ ਦੇਸ਼ ਵਿੱਚ ਤਿਆਰ ਕਰ ਕੇ ਆਲਮੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਮੋਦੀ ਨੇ ਉਦਯੋਗ ਜਗਤ ਨੂੰ ਕਿਹਾ, “ਮੈਂ ਚਾਹੁੰਦਾ ਹਾਂ ਕਿ ਸਾਡਾ ਉਦਯੋਗ ਸੰਸਾਰ ਦੀਆਂ ਇਨ੍ਹਾਂ ਉਮੀਦਾਂ ਨੂੰ ਸਿਰਫ਼ ਦਰਸ਼ਕ ਬਣ ਕੇ ਨਾ ਦੇਖੇ। ਅਸੀਂ ਦਰਸ਼ਕ ਬਣ ਕੇ ਨਹੀਂ ਰਹਿ ਸਕਦੇ, ਤੁਹਾਨੂੰ ਇਸ ਵਿੱਚ ਆਪਣੀ ਭੂਮਿਕਾ ਤਲਾਸ਼ਣੀ ਹੋਵੇਗੀ, ਤੁਹਾਨੂੰ ਆਪਣੇ ਲਈ ਮੌਕੇ ਤਲਾਸ਼ਣੇ ਪੈਣਗੇ।’’ ਪ੍ਰਧਾਨ ਮੰਤਰੀ ਨੇ ਦੇਸ਼ ਦੇ ਛੇ ਕਰੋੜ ਤੋਂ ਵੱਧ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਨੂੰ ਸਮੇਂ ਸਿਰ ਅਤੇ ਘੱਟ ਲਾਗਤ ਵਾਲੇ ਫੰਡਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਕਰੈਡਿਟ ਡਲਿਵਰੀ ਦੇ ਨਵੇਂ ਤਰੀਕੇ ਵਿਕਸਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਉੱਦਮ ਸ਼ੁਰੂ ਕਰ ਰਹੀਆਂ ਪੰਜ ਲੱਖ ਔਰਤਾਂ, ਅਨੁਸੂਚਿਤ ਜਾਤੀ (ਐੱਸਸੀ) ਅਤੇ ਅਨੁਸੂਚਿਤ ਜਨਜਾਤੀ (ਐੱਸਟੀ) ਦੇ ਉੱਦਮੀਆਂ ਨੂੰ ਦੋ ਕਰੋੜ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਲਗਾਤਾਰ ਸੁਧਾਰਾਂ ਪ੍ਰਤੀ ਭਰੋਸੇ ਕਾਰਨ ਉਦਯੋਗ ਜਗਤ ਨੂੰ ਨਵਾਂ ਆਤਮਵਿਸ਼ਵਾਸ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਿਰਮਾਣ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਦੋ ਮਿਸ਼ਨ ਸ਼ੁਰੂ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਦਯੋਗ ਜਗਤ ਦਾ ਧਿਆਨ ਬਿਹਤਰੀਨ ਟੈਕਨਾਲੋਜੀ ਅਤੇ ਗੁਣਵੱਤਾ ਵਾਲੇ ਉਤਪਾਦਾਂ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਉਨ੍ਹਾਂ ਸਾਰੇ ਹਿੱਤਧਾਰਕਾਂ ਨੂੰ ਆਲਮੀ ਪੱਧਰ ਦੀ ਮੰਗ ਵਾਲੇ ਨਵੇਂ ਉਤਪਾਦਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਨੂੰ ਭਾਰਤ ਵਿੱਚ ਬਣਾਇਆ ਜਾ ਸਕੇ। ਉਨ੍ਹਾਂ ਹਿੱਤਧਾਰਕਾਂ ਨੂੰ ਬਰਾਮਦ ਸਮਰੱਥਾ ਵਾਲੇ ਦੇਸ਼ਾਂ ਨਾਲ ਰਣਨੀਤਕ ਤੌਰ ’ਤੇ ਸੰਪਰਕ ਕਰਨ ਲਈ ਵੀ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ‘‘ਦੁਨੀਆ ਇਸ ਸਮੇਂ ਰਾਜਨੀਤਕ ਬੇਯਕੀਨੀ ਦਾ ਸਾਹਮਣਾ ਕਰ ਰਹੀ ਹੈ ਅਤੇ ਪੂਰਾ ਸੰਸਾਰ ਭਾਰਤ ਨੂੰ ਵਿਕਾਸ ਦੇ ਕੇਂਦਰ ਵਜੋਂ ਦੇਖ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ, ਜਦੋਂ ਆਲਮੀ ਅਰਥਚਾਰਾ ਸੁਸਤ ਸੀ ਤਾਂ ਉਸ ਸਮੇਂ ਭਾਰਤ ਨੇ ਆਲਮੀ ਵਿਕਾਸ ਨੂੰ ਗਤੀ ਦਿੱਤੀ ਸੀ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਮੁਲਾਕਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਵਪਾਰ, ਟੈਕਨਾਲੋਜੀ, ਰੱਖਿਆ ਅਤੇ ਖੇਤੀਬਾੜੀ ਵਿੱਚ ਨਵੀਂ ਭਾਈਵਾਲੀ ਰਾਹੀਂ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਅਥਾਹ ਮੌਕੇ ਖੁੱਲ੍ਹਣ ਦੀ ਉਮੀਦ ਕਰਦੇ ਹਨ। ਰਾਜਕੁਮਾਰੀ ਐਸਟ੍ਰਿਡ ਭਾਰਤ ਵਿੱਚ ਇੱਕ ਆਰਥਿਕ ਮਿਸ਼ਨ ਦੀ ਅਗਵਾਈ ਕਰ ਰਹੀ ਹੈ ਜਿਸ ਵਿੱਚ ਸੀਨੀਅਰ ਮੰਤਰੀ ਅਤੇ ਕਾਰੋਬਾਰੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਭਾਰਤ ਵਿੱਚ ਇਸ ਮਿਸ਼ਨ ਦੀ ਅਗਵਾਈ ਕਰਨ ਲਈ ਐਸਟ੍ਰਿਡ ਦੇ ਉੱਦਮ ਦੀ ਪ੍ਰਸ਼ੰਸਾ ਕੀਤੀ। ਮੋਦੀ ਨੇ ‘ਐਕਸ’ ਉੱਤੇ ਲਿਖਿਆ, ‘‘ਬੈਲਜੀਅਮ ਦੀ ਰਾਜਕੁਮਾਰੀ ਐਸਟ੍ਰਿਡ ਨੂੰ ਮਿਲ ਕੇ ਖੁਸ਼ੀ ਹੋਈ। ਮੈਂ ਭਾਰਤ ਵਿੱਚ 300 ਮੈਂਬਰੀ ਆਰਥਿਕ ਮਿਸ਼ਨ ਦੀ ਅਗਵਾਈ ਕਰਨ ਦੇ ਉਨ੍ਹਾਂ ਦੇ ਉੱਦਮ ਦੀ ਪ੍ਰਸ਼ੰਸਾ ਕਰਦਾ ਹਾਂ। ਅਸੀਂ ਵਪਾਰ, ਤਕਨਾਲੋਜੀ, ਰੱਖਿਆ, ਖੇਤੀਬਾੜੀ, ਜੀਵ ਵਿਗਿਆਨ, ਨਵੀਨਤਾ, ਹੁਨਰ ਅਤੇ ਵਿਦਿਅਕ ਆਦਾਨ-ਪ੍ਰਦਾਨ ਵਿੱਚ ਨਵੀ ਭਾਈਵਾਲੀ ਰਾਹੀਂ ਆਪਣੇ ਲੋਕਾਂ ਲਈ ਅਥਾਹ ਮੌਕੇ ਖੋਲ੍ਹਣ ਲਈ ਉਤਸ਼ਾਹਿਤ ਹਾਂ।’’