ਸੁਨੀਲ ਨਰੇਨ ਨੇ ਦਿੱਲੀ ਦੀ ਜਿੱਤ ਖੋਹੀ, 14ਵੇਂ ਓਵਰ ਤੋਂ ਪਲਟੀ ਗੇਮ; ਰੋਮਾਂਚਕ ਮੁਕਾਬਲੇ 'ਚ ਇੰਝ ਜਿੱਤੀ KKR

ਸੁਨੀਲ ਨਰੇਨ ਨੇ ਦਿੱਲੀ ਦੀ ਜਿੱਤ ਖੋਹੀ, 14ਵੇਂ ਓਵਰ ਤੋਂ ਪਲਟੀ ਗੇਮ; ਰੋਮਾਂਚਕ ਮੁਕਾਬਲੇ 'ਚ ਇੰਝ ਜਿੱਤੀ KKR

Delhi Capitals vs Kolkata Knight Riders: ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪਿਟਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ। ਇਸ ਰੋਮਾਂਚਕ ਮੈਚ ਵਿੱਚ KKR ਨੇ 14 ਰਨਾਂ ਨਾਲ ਜਿੱਤ ਦਰਜ ਕੀਤੀ। ਕੋਲਕਾਤਾ ਦੀ ਇਸ ਜਿੱਤ ਦੇ ਹੀਰੋ ਸੁਨੀਲ ਨਰੇਨ ਰਹੇ, ਜਿਨ੍ਹਾਂ ਨੇ ਆਪਣੀ ਜਾਦੂਈ ਸਪਿਨ ਨਾਲ ਮੈਚ ਦਾ ਰੁਖ ਪਲਟ ਦਿੱਤਾ। KKR ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 204 ਰਨ ਬਣਾਏ। ਜਵਾਬ ਵਿੱਚ ਦਿੱਲੀ ਕੈਪਿਟਲਜ਼ ਨੇ 13 ਓਵਰਾਂ ਤੱਕ 3 ਵਿਕਟਾਂ 'ਤੇ 130 ਰਨ ਬਣਾ ਲਏ ਸਨ। ਅਜਿਹਾ ਲੱਗ ਰਿਹਾ ਸੀ ਕਿ ਫਾਫ ਡੂ ਪਲੇਸੀਸ (45 ਗੇਂਦਾਂ 'ਤੇ 62 ਰਨ) ਅਤੇ ਅਕਸ਼ਰ ਪਟੇਲ (23 ਗੇਂਦਾਂ 'ਤੇ 43 ਰਨ) ਆਸਾਨੀ ਨਾਲ ਦਿੱਲੀ ਨੂੰ ਜਿੱਤਵਾ ਦੇਣਗੇ, ਪਰ ਫਿਰ ਸੁਨੀਲ ਨਰੇਨ ਨੇ ਖੇਡ ਪਲਟ ਦਿੱਤੀ। ਦਿੱਲੀ ਆਪਣੀ ਪੂਰੀ ਇਨਿੰਗਜ਼ ਵਿੱਚ 190 ਰਨ ਹੀ ਬਣਾ ਸਕੀ ਅਤੇ KKR ਨੇ ਮੈਚ 14 ਰਨਾਂ ਨਾਲ ਜਿੱਤ ਲਿਆ। 

205 ਰਨਾਂ ਦੇ ਲਕਸ਼ ਨੂੰ ਚੇਜ਼ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਬਹੁਤ ਹੀ ਮਾੜੀ ਰਹੀ। ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਹੀ ਅਭਿਸ਼ੇਕ ਪੋਰੇਲ ਸਿਰਫ 4 ਰਨ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਕਰੁਣ ਨਾਇਰ ਵੀ ਸਿਰਫ 15 ਰਨ ਬਣਾ ਕੇ ਪੈਵਿਲੀਅਨ ਵਾਪਸ ਚੱਲੇ ਗਏ। ਸਾਤਵੇਂ ਓਵਰ ਵਿੱਚ, 60 ਦੇ ਸਕੋਰ 'ਤੇ ਕੇ.ਐਲ. ਰਾਹੁਲ ਰਨ ਆਊਟ ਹੋ ਗਏ। ਉਨ੍ਹਾਂ ਨੇ 5 ਗੇਂਦਾਂ 'ਚ ਸਿਰਫ 7 ਰਨ ਬਣਾਏ। ਭਾਵੇਂ ਇੱਕ ਪਾਸੇ ਤੋਂ ਲਗਾਤਾਰ ਵਿਕਟਾਂ ਡਿੱਗ ਰਹੀਆਂ ਸਨ, ਪਰ ਫਾਫ ਡੂ ਪਲੇਸੀਸ ਦੂਜੇ ਪਾਸੇ ਤੇਜ਼ੀ ਨਾਲ ਰਨ ਬਣਾ ਰਹੇ ਸਨ।

ਜਦੋਂ 60 ਰਨਾਂ 'ਤੇ ਦਿੱਲੀ ਦੇ 3 ਵਿਕਟ ਡਿੱਗ ਗਏ ਤਾਂ ਲੱਗਿਆ ਕਿ KKR ਇਹ ਮੈਚ ਆਸਾਨੀ ਨਾਲ ਜਿੱਤ ਲਵੇਗੀ। ਪਰ ਫਾਫ ਡੂ ਪਲੇਸੀਸ ਅਤੇ ਅਕਸ਼ਰ ਪਟੇਲ ਨੇ ਵਾਪਸੀ ਕਰਦੇ ਹੋਏ ਤਾਬੜਤੋੜ ਰਨ ਬਣਾਉਣ ਸ਼ੁਰੂ ਕਰ ਦਿੱਤੇ। ਦੋਹਾਂ ਵਿਚਕਾਰ 76 ਰਨਾਂ ਦੀ ਭਰੋਸੇਮੰਦ ਸਾਂਝ ਬਣੀ। 13.1 ਓਵਰ ਵਿੱਚ ਦਿੱਲੀ ਨੇ 3 ਵਿਕਟਾਂ 'ਤੇ 136 ਰਨ ਬਣਾ ਲਏ ਸਨ।  ਫਿਰ ਸੁਨੀਲ ਨਰੇਨ ਨੇ ਅਕਸ਼ਰ ਪਟੇਲ ਨੂੰ ਆਊਟ ਕਰ ਕੇ ਮੈਚ ਦੀ ਦਿਸ਼ਾ ਬਦਲ ਦਿੱਤੀ। ਅਕਸ਼ਰ 23 ਗੇਂਦਾਂ 'ਤੇ 43 ਰਨ ਬਣਾ ਕੇ ਪੈਵਿਲੀਅਨ ਵਾਪਸ ਚੱਲੇ ਗਏ। ਉਨ੍ਹਾਂ ਦੇ ਬੱਲੇ ਤੋਂ 4 ਚੌਕੇ ਅਤੇ 3 ਛੱਕੇ ਨਿਕਲੇ।

ਫਿਰ ਸੁਨੀਲ ਨਰੇਨ ਨੇ ਟਰਿਸਟਨ ਸਟਬਸ ਨੂੰ ਬੋਲਡ ਕਰ ਦਿੱਤਾ। ਸਟਬਸ ਸਿਰਫ 1 ਰਨ ਹੀ ਬਣਾ ਸਕੇ। ਇਸ ਤੋਂ ਬਾਅਦ ਨਰੇਨ ਨੇ ਫਾਫ ਡੂ ਪਲੇਸੀਸ ਨੂੰ ਵੀ ਆਊਟ ਕਰ ਦਿੱਤਾ। ਫਾਫ ਨੇ 45 ਗੇਂਦਾਂ 'ਚ 62 ਰਨ ਬਣਾਏ, ਜਿਸ ਵਿੱਚ 7 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਅਕਸ਼ਰ ਅਤੇ ਫਾਫ ਦੇ ਆਊਟ ਹੋਣ ਨਾਲ ਮੈਚ ਪੂਰੀ ਤਰ੍ਹਾਂ KKR ਦੇ ਪੱਖ ਵਿੱਚ ਚਲਾ ਗਿਆ।  ਅੰਤ ਵਿੱਚ ਆਸ਼ੁਤੋਸ਼ ਸ਼ਰਮਾ ਅਤੇ ਵਿਰਪ੍ਰਾਜ ਨਿਗਮ ਤੋਂ ਕੋਈ ਚਮਤਕਾਰ ਦੀ ਉਮੀਦ ਸੀ, ਪਰ ਆਸ਼ੁਤੋਸ਼ ਇਕ ਛੱਕਾ ਲਗਾਉਣ ਤੋਂ ਬਾਅਦ ਆਊਟ ਹੋ ਗਏ। ਉਨ੍ਹਾਂ ਨੇ 7 ਰਨ ਬਣਾਏ। ਵਿਰਪ੍ਰਾਜ ਨੇ ਹਮਲਾਵਰ ਰੁਖ ਅਖਤਿਆਰ ਕੀਤਾ ਅਤੇ 19 ਗੇਂਦਾਂ 'ਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 43 ਰਨ ਜੜੇ, ਪਰ ਉਹ ਦਿੱਲੀ ਨੂੰ ਜਿੱਤ ਨਹੀਂ ਦਿਵਾ ਸਕੇ।

ਕੋਲਕਾਤਾ ਵਲੋਂ ਸੁਨੀਲ ਨਰੇਨ ਨੇ 4 ਓਵਰਾਂ ਵਿੱਚ 29 ਰਨ ਦੇ ਕੇ 3 ਵਿਕਟਾਂ ਲਈਆਂ। ਵਰੁਣ ਚੱਕਰਵਰਤੀ ਨੇ ਵੀ 2 ਵਿਕਟਾਂ ਹਾਸਲ ਕੀਤੀਆਂ। ਇਸਦੇ ਇਲਾਵਾ ਅੰਕੁਲ ਰਾਏ, ਵੈਭਵ ਅਰੋੜਾ ਅਤੇ ਆਂਡਰੇ ਰੱਸਲ ਨੇ ਇੱਕ-ਇੱਕ ਵਿਕਟ ਲਈ।