ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਰੌਂਦਿਆ, ਇਹ ਰਹੇ ਟੀਮ ਇੰਡੀਆ ਦੀ ਜਿੱਤ ਦੇ 3 ਵੱਡੇ ਹੀਰੋ

ਭਾਰਤ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੂੰ ਰੌਂਦਿਆ, ਇਹ ਰਹੇ ਟੀਮ ਇੰਡੀਆ ਦੀ ਜਿੱਤ ਦੇ 3 ਵੱਡੇ ਹੀਰੋ
India beat Australia in champions trophy semi final: ਭਾਰਤੀ ਕ੍ਰਿਕਟ ਟੀਮ ਨੇ ਚੈਂਪੀਅਨ ਟ੍ਰਾਫੀ ਦੇ ਸੈਮੀਫਾਈਨਲ ਮੁਕਾਬਲੇ 'ਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਵਿਰਾਟ ਕੋਹਲੀ ਨੇ 84 ਰਨਾਂ ਦੀ ਸ਼ਾਨਦਾਰ ਪਾਰੀ ਖੇਡੀ। ਜਦ ਉਹ ਆਊਟ ਹੋਏ, ਤਾ ਭਾਰਤ ਜਿੱਤ ਦੇ ਬਹੁਤ ਨੇੜੇ ਪਹੁੰਚ ਚੁੱਕਾ ਸੀ। ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਤੇ ਆਸਟ੍ਰੇਲੀਆ ਨੂੰ 264 ਰਨਾਂ 'ਤੇ ਰੋਕ ਦਿੱਤਾ। ਇਸ ਜਿੱਤ ਨਾਲ ਟੀਮ ਇੰਡੀਆ ਚੈਂਪੀਅਨ ਟ੍ਰਾਫੀ ਦੇ ਫਾਈਨਲ 'ਚ ਪਹੁੰਚ ਗਈ ਹੈ। ਇਸ ਜਿੱਤ ਵਿੱਚ ਪੂਰੀ ਟੀਮ ਦਾ ਯੋਗਦਾਨ ਰਿਹਾ ਪਰ ਇੱਥੇ ਅਸੀਂ ਤੁਹਾਨੂੰ ਉਹ 3 ਖਿਡਾਰੀ ਬਾਰੇ ਦੱਸ ਰਹੇ ਹਾਂ ਜੋ ਜਿੱਤ ਦੇ ਸਭ ਤੋਂ ਵੱਡੇ ਹੀਰੋ ਸਾਬਤ ਹੋਏ। 

ਵਿਰਾਟ ਕੋਹਲੀ

ਟੀਚੇ ਦਾ ਪਿੱਛਾ ਕਰਦੇ ਹੋਏ, ਟੀਮ ਇੰਡੀਆ ਲਈ ਇਹ ਚੈਂਪੀਅਨ ਟ੍ਰਾਫੀ ਵਿੱਚ ਸੰਯੁਕਤ ਤੌਰ 'ਤੇ ਸਭ ਤੋਂ ਵੱਡੀ ਜਿੱਤ ਹੈ। ਵਿਰਾਟ ਕੋਹਲੀ ਹੀ ਉਹ ਖਿਡਾਰੀ ਹਨ, ਜਿਨ੍ਹਾਂ ਦੀ ਬਦੌਲਤ ਇਹ ਲਕਸ਼ ਆਸਾਨੀ ਨਾਲ ਹਾਸਲ ਹੋ ਗਿਆ। ਰੋਹਿਤ ਸ਼ਰਮਾ (28) ਅਤੇ ਸ਼ੁਭਮਨ ਗਿੱਲ (8) ਦੇ ਆਉਟ ਹੋਣ ਤੋਂ ਬਾਅਦ ਟੀਮ ਇੰਡੀਆ 'ਤੇ ਦਬਾਅ ਵੱਧ ਗਿਆ ਸੀ। ਕੋਹਲੀ ਨੇ ਸ਼੍ਰੇਅਸ ਅਈਅਰ ਨਾਲ 91 ਰਨਾਂ ਦੀ ਸਾਂਝ ਪਾਈ ਅਤੇ ਫਿਰ ਅਕਸ਼ਰ ਪਟੇਲ ਨਾਲ 44 ਰਨ ਜੋੜੇ। ਇਹ ਸਾਂਝਦਾਰੀਆਂ ਟੀਮ ਇੰਡੀਆ 'ਤੇ ਦਬਾਅ ਘਟਾਉਣ ਵਿੱਚ ਮਦਦਗਾਰ ਸਾਬਤ ਹੋਈਆਂ। ਵਿਰਾਟ ਕੋਹਲੀ ਆਪਣੀ ਇਸ ਪਾਰੀ ਵਿੱਚ ਵੱਡੇ ਸ਼ਾਟਾਂ 'ਤੇ ਨਿਰਭਰ ਨਹੀਂ ਰਹੇ, ਉਨ੍ਹਾਂ ਨੇ ਜ਼ਿਆਦਾਤਰ ਰਨ ਸਿੰਗਲ-ਡਬਲ ਲੈ ਕੇ ਬਣਾਏ। 84 ਰਨਾਂ ਦੀ ਪਾਰੀ ਵਿੱਚ ਕੋਹਲੀ ਨੇ ਸਿਰਫ 5 ਚੌਕੇ ਲਗਾਏ। ਵਿਰਾਟ ਇਸ ਜਿੱਤ ਦੇ ਸਭ ਤੋਂ ਵੱਡੇ ਹੀਰੋ ਸਾਬਤ ਹੋਏ। ਉਨ੍ਹਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਵੱਡੇ ਮੈਚਾਂ ਦਾ ਖਿਡਾਰੀ ਕਿਉਂ ਕਿਹਾ ਜਾਂਦਾ ਹੈ। 

ਹਾਰਦਿਕ ਪਾਂਡਿਆ

ਜਦ ਵਿਰਾਟ ਕੋਹਲੀ ਆਊਟ ਹੋਏ, ਤਾਂ ਭਾਰਤ ਨੂੰ ਜਿੱਤ ਲਈ 44 ਗੇਂਦਾਂ 'ਤੇ 40 ਦੌੜਾਂ ਦੀ ਲੋੜ ਸੀ। ਇਸ ਤਣਾਅਭਰੀ ਸਥਿਤੀ ਵਿੱਚ ਕੁਝ ਡੌਟ ਗੇਂਦਾਂ ਟੀਮ ਇੰਡੀਆ 'ਤੇ ਦਬਾਅ ਵਧਾ ਸਕਦੀਆਂ ਸਨ। ਹਾਰਦਿਕ ਪਾਂਡਿਆ ਹਮੇਸ਼ਾ ਵਾਂਗ ਕੂਲ ਦਿਖਾਈ ਦਿੱਤੇ। ਉਨ੍ਹਾਂ ਨੇ ਤੇਜ਼ ਪਾਰੀ ਖੇਡਕੇ ਮੈਚ ਨੂੰ ਛੇਤੀ ਖਤਮ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਹਾਰਦਿਕ ਨੇ 24 ਗੇਂਦਾਂ 'ਚ 28 ਰਨਾਂ ਦੀ ਤਾਬੜਤੋੜ ਪਾਰੀ ਖੇਡੀ। ਜਿੱਥੇ ਹੋਰ ਬੱਲੇਬਾਜ਼ਾਂ ਲਈ ਚੌਕੇ ਲਗਾਉਣੇ ਔਖੇ ਸਨ, ਉਥੇ ਹੀ ਹਾਰਦਿਕ ਨੇ 3 ਵੱਡੇ ਛੱਕੇ ਲਗਾਏ। ਇਨ੍ਹਾਂ ਵਿੱਚ 106 ਮੀਟਰ ਦਾ ਇੱਕ ਵੱਡਾ ਛੱਕਾ ਵੀ ਸ਼ਾਮਲ ਹੈ।

ਮੁਹੰਮਦ ਸ਼ਮੀ

ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਭਾਰਤੀ ਟੀਮ ਦੀ ਗੇਂਦਬਾਜ਼ੀ ਦੀ ਅਗਵਾਈ ਕਰ ਰਹੇ ਹਨ। ਸੈਮੀਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਨੇ ਆਪਣੇ ਅਨੁਭਵ ਨੂੰ ਦਰਸਾਇਆ। ਪਾਰੀ ਦਾ ਪਹਿਲਾ ਵਿਕਟ ਉਨ੍ਹਾਂ ਨੇ ਕੂਪਰ ਕੋਨੋਲੀ ਦੇ ਰੂਪ ਵਿੱਚ ਲਿਆ। ਜਦ ਸਟੀਵ ਸਮਿਥ ਸੈਟ ਹੋ ਚੁੱਕੇ ਸਨ, ਤਾਂ ਉਨ੍ਹਾਂ ਨੂੰ ਬੋਲਡ ਕਰਕੇ ਭਾਰਤ ਨੂੰ ਵਾਪਸੀ ਕਰਾਈ। ਮੁਹੰਮਦ ਸ਼ਮੀ ਨੇ ਪਾਰੀ ਵਿੱਚ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ। ਆਪਣੇ 10 ਓਵਰਾਂ ਦੇ ਸਪੈਲ ਵਿੱਚ ਉਨ੍ਹਾਂ ਨੇ 4.80 ਦੀ ਇਕਾਨੋਮੀ ਨਾਲ 48 ਰਨ ਦਿੱਤੇ। ਸ਼ਮੀ ਇਸ ਜਿੱਤ ਦੇ ਵੱਡੇ ਹੀਰੋ ਸਾਬਤ ਹੋਏ। ਅਸਲ ਇਸ ਜਿੱਤ ਵਿੱਚ ਹੋਰ ਖਿਡਾਰੀਆਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਜਿਵੇਂ ਕਿ ਵਰੁਣ ਚਕਰਵਰਤੀ ਨੇ ਟ੍ਰੇਵਿਸ ਹੈੱਡ ਨੂੰ ਛੇਤੀ ਆਊਟ ਕਰਕੇ ਵੱਡੀ ਰਾਹਤ ਦਿਵਾਈ। ਕੇਐਲ ਰਾਹੁਲ ਨੇ 42 ਰਨਾਂ ਦੀ ਨੌਟ ਆਊਟ ਪਾਰੀ ਖੇਡੀ। ਸ਼੍ਰੇਅਸ ਅਈਅਰ ਨੇ ਵਿਰਾਟ ਕੋਹਲੀ ਨਾਲ ਮਿਲਕੇ 91 ਰਨਾਂ ਦੀ ਸਾਂਝ ਪਾਈ ਅਤੇ 45 ਰਨ ਬਣਾਏ।