ਰੇਲ ਲਾਈਨ ’ਚ ਆਇਆ ਕਰੈਕ

ਰੇਲ ਲਾਈਨ ’ਚ ਆਇਆ ਕਰੈਕ
ਮੰਗਲਵਾਰ ਸ਼ਾਮ ਨੂੰ ਅੰਮ੍ਰਿਤਸਰ ਤੋਂ ਨਾਂਦੇੜ ਜਾ ਰਹੀ ਸੱਚਖੰਡ ਐਕਸਪ੍ਰੈਸ ਦੇ ਅੱਗੇ ਰੇਲ ਲਾਈਨ ’ਚ ਕਰੈਕ ਪੈ ਗਿਆ, ਜਿਸ ਕਾਰਨ ਇਹਤਿਆਤ ਵਜੋਂ ਟਰੇਨ ਨੂੰ ਰੋਕ ਦਿੱਤਾ ਗਿਆ। ਮੇਨ ਲਾਈਨ ’ਤੇ ਕਰੈਕ ਪੈਣ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਅਧਿਕਾਰੀਆਂ ’ਚ ਹੜਕੰਪ ਮੱਚ ਗਿਆ। ਸਬੰਧਤ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਆ ਕੇ ਲਾਈਨ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਸੱਚਖੰਡ ਐਕਸਪ੍ਰੈੱਸ ਕਰੀਬ 3 ਘੰਟੇ ਉੱਥੇ ਖੜ੍ਹੀ ਰਹੀ। ਜਾਣਕਾਰੀ ਅਨੁਸਾਰ 31 ਜੁਲਾਈ ਨੂੰ ਸੱਚਖੰਡ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਆਪਣੇ ਨਿਰਧਾਰਤ ਸਮੇਂ ’ਤੇ ਸਵੇਰੇ 5:30 ਵਜੇ ਨਾਂਦੇੜ ਜਾਣ ਲਈ ਰਵਾਨਾ ਹੋਈ ਸੀ। ਇਸ ਰੇਲਗੱਡੀ ’ਚ ਸ਼ਿਰਡੀ ਜਾਣ ਵਾਲੇ ਸੈਂਕੜੇ ਯਾਤਰੀ ਵੀ ਸਵਾਰ ਸਨ, ਜਿਨ੍ਹਾਂ ਮਨਮਾਡ ਸਟੇਸ਼ਨ ’ਤੇ ਉਤਰਨਾ ਸੀ। ਟਰੇਨ ਅੰਮ੍ਰਿਤਸਰ ਤੋਂ ਚੱਲ ਕੇ ਕਰੀਬ 26 ਘੰਟੇ ਬਾਅਦ ਮਨਮਾਡ ਸਟੇਸ਼ਨ ਪਹੁੰਚਦੀ ਹੈ, ਜਿੱਥੋਂ ਲੋਕ ਸਾਈਂ ਬਾਬਾ ਦੇ ਦਰਸ਼ਨਾਂ ਲਈ ਟੈਕਸੀ ਜਾਂ ਬੱਸਾਂ ਰਾਹੀਂ ਸ਼ਿਰਡੀ ਜਾਂਦੇ ਹਨ। ਜਦੋਂ ਰੇਲਗੱਡੀ ਮਨਮਾਡ ਤੋਂ ਪਹਿਲਾਂ ਪੈਂਦੇ ਭੁਸਾਵਲ ਸਟੇਸ਼ਨ ’ਤੇ ਪਹੁੰਚੀ ਤਾਂ ਡਰਾਈਵਰ ਨੂੰ ਰੇਲ ਲਾਈਨ ’ਚ ਕਰੈਕ ਹੋਣ ਦੀ ਸੂਚਨਾ ਮਿਲੀ।