ਨਿਊਯਾਰਕ ਰਾਜ ਦੇ ਇਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕੇ ਜਾਣ ਦਾ ਮਾਮਲਾ ....
ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਨੇ ਨਿਊਯਾਰਕ ਰਾਜ ਦੇ ਇਕ ਸਿੱਖ ਫੌਜੀ ਨੂੰ ਦਾੜ੍ਹੀ ਰੱਖਣ ਤੋਂ ਰੋਕੇ ਜਾਣ ਦਾ ਮਾਮਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਹੈ, ਕਿਉਂਕਿ ਸੰਸਦ ਮੈਂਬਰਾਂ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟਾਈ ਹੈ ਅਤੇ ਇਸ ਨੂੰ 'ਧਾਰਮਿਕ ਵਿਤਕਰਾ' ਕਰਾਰ ਦਿੱਤਾ ਹੈ। ਨਿਊਯਾਰਕ ਸਟੇਟ ਦੇ ਫੌਜੀ ਚਰਨਜੋਤ ਟਿਵਾਣਾ ਨੇ ਪਿਛਲੇ ਸਾਲ ਮਾਰਚ ਵਿੱਚ ਆਪਣੇ ਵਿਆਹ ਵਿੱਚ ਦਾੜ੍ਹੀ ਰੱਖਣ ਦੀ ਇਜਾਜ਼ਤ ਮੰਗੀ ਸੀ। ਹਾਲਾਂਕਿ, ਉਸਦੀ ਬੇਨਤੀ ਨੂੰ ਇਸ ਅਧਾਰ 'ਤੇ ਰੱਦ ਕਰ ਦਿੱਤਾ ਗਿਆ ਸੀ ਕਿ ਗੈਸ ਮਾਸਕ ਪਹਿਨਣ ਦੀ ਜ਼ਰੂਰਤ ਪੈਣ 'ਤੇ ਦਾੜ੍ਹੀ ਰੱਖਣ ਨਾਲ ਸੁਰੱਖਿਆ ਜੋਖ਼ਮ ਪੈਦਾ ਹੋ ਸਕਦਾ ਹੈ।
ਇੱਥੇ ਭਾਰਤੀ ਅਧਿਕਾਰੀਆਂ ਨੇ ਇਹ ਮੁੱਦਾ ਨਿਊਯਾਰਕ ਰਾਜ ਦੇ ਗਵਰਨਰ ਦੇ ਦਫ਼ਤਰ ਕੋਲ ਉਠਾਇਆ ਅਤੇ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਹ ਮਾਮਲਾ ਬਾਈਡੇਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਕੋਲ ਉਠਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਿਊਯਾਰਕ ਸਟੇਟ ਪੁਲਸ ਅਤੇ ਗਵਰਨਰ ਦਫ਼ਤਰ ਵੀ ਇਸ 'ਤੇ ਕੰਮ ਕਰ ਰਹੇ ਹਨ। ਨਿਊਯਾਰਕ ਸਟੇਟ ਅਸੈਂਬਲੀ ਵਿੱਚ ਕੁਈਨਜ਼ ਦੀ ਨੁਮਾਇੰਦਗੀ ਕਰ ਰਹੇ ਅਸੈਂਬਲੀਮੈਨ ਡੇਵਿਡ ਵੇਪ੍ਰਿਨ ਨੇ ਨਿਊਯਾਰਕ ਸਟੇਟ ਪੁਲਸ ਵਿੱਚ ਟਿਵਾਣਾ ਦੀ ਦਾੜ੍ਹੀ ਵਧਾਉਣ ਦੀ ਬੇਨਤੀ ਨੂੰ ਅਸਵੀਕਾਰ ਕਰਨ ਨੂੰ "ਧਾਰਮਿਕ ਵਿਤਕਰੇ ਦੀ ਇੱਕ ਚਿੰਤਾਜਨਕ ਘਟਨਾ" ਕਰਾਰ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਵਿੱਚ ਵੇਪ੍ਰਿਨ ਨੇ ਕਿਹਾ ਕਿ ਉਨ੍ਹਾਂ ਨੇ Religious Garb Law ਨੂੰ ਸਪਾਂਸਰ ਕੀਤਾ ਸੀ, ਜਿਸ 'ਤੇ 2019 ਵਿੱਚ ਦਸਤਖ਼ਤ ਕੀਤੇ ਗਏ ਸਨ। ਇਸ ਲਈ ਕਿਸੇ ਨੂੰ ਵੀ ਆਪਣੇ ਧਰਮ ਦਾ ਪਾਲਣ ਕਰਨ ਅਤੇ ਆਪਣਾ ਕੰਮ ਕਰਨ ਵਿਚਕਾਰ ਚੋਣ ਨਹੀਂ ਕਰਨੀ ਪਵੇਗੀ।"