ਪੱਛਮੀ ਖੇਤਰ ਲਈ ਦਲੀਪ ਟਰਾਫੀ ਖੇਡੇਣਗੇ ਪੁਜਾਰਾ ਅਤੇ ਸੂਰਯਕੁਮਾਰ

ਪੱਛਮੀ ਖੇਤਰ ਲਈ ਦਲੀਪ ਟਰਾਫੀ ਖੇਡੇਣਗੇ ਪੁਜਾਰਾ ਅਤੇ ਸੂਰਯਕੁਮਾਰ
ਤਜ਼ਰਬੇਕਾਰ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਤੇ ਸੂਰਯਕੁਮਾਰ ਯਾਦਵ ਨੂੰ 28 ਜੂਨ ਤੋਂ ਬੈਂਗਲੁਰੂ ਵਿਚ ਸ਼ੁਰੂ ਹੋਣ ਵਾਲੀ 2023 ਦਲੀਪ ਟਰਾਫੀ ਲਈ ਪੱਛਮੀ ਖੇਤਰ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਵੇਂ ਖਿਡਾਰੀਆਂ ਨੂੰ ਯਸ਼ਸਵੀ ਜਾਇਸਵਾਲ ਤੇ ਰਿਤੂਰਾਜ ਗਾਇਕਵਾੜ ਦੇ ਸਥਾਨ ’ਤੇ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ, ਜਿਹੜੇ ਕਿ ਵੈਸਟਇੰਡੀਜ਼ ਦੌਰੇ ’ਤੇ ਜਾਣ ਵਾਲੀ ਭਾਰਤੀ ਟੈਸਟ ਟੀਮ ਦਾ ਹਿੱਸਾ ਹਨ। ਗੁਜਰਾਤ ਦਾ ਸਲਾਮੀ ਬੱਲੇਬਾਜ਼ ਪ੍ਰਿਯਾਂਕ ਪੰਚਾਲ ਪੱਛਮੀ ਖੇਤਰ ਦਾ ਕਪਤਾਨ ਬਣਿਆ ਰਹੇਗਾ। ਇਸ ਮਹੀਨੇ ਦੀ ਸ਼ੁਰੂਆਤ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਦ ਪੁਜਾਰਾ ਨੂੰ ਟੈਸਟ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਪੁਜਾਰਾ ਡਬਲਯੂ. ਟੀ. ਸੀ. ਫਾਈਨਲ ਵਿਚ 14 ਤੇ 27 ਦੌੜਾਂ ਹੀ ਬਣਾ ਸਕਿਆ ਸੀ, ਜਦਕਿ ਭਾਰਤ ਨੂੰ ਆਸਟਰੇਲੀਆ ਹੱਥੋਂ 209 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।