2030 ਤੱਕ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ’ਚ ਹੋਵੇਗਾ 70 ਫ਼ੀਸਦੀ ਦਾ ਵਾਧਾ

2030 ਤੱਕ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ’ਚ ਹੋਵੇਗਾ 70 ਫ਼ੀਸਦੀ ਦਾ ਵਾਧਾ
ਵਿੱਤੀ ਸਾਲ 2030 ਤੱਕ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ 70 ਫ਼ੀਸਦੀ ਵਧ ਕੇ 4000 ਡਾਲਰ ਤੱਕ ਪਹੁੰਚ ਜਾਵੇਗੀ, ਜੋ ਕਿ ਵਿੱਤੀ ਸਾਲ 2023 ’ਚ 2450 ਡਾਲਰ ਪ੍ਰਤੀ ਵਿਅਕਤੀ ਹੈ। ਇਸ ਨਾਲ ਭਾਰਤ ਦੀ ਜੀ. ਡੀ. ਪੀ. ਨੂੰ ਵੀ ਵੱਡਾ ਹੁਲਾਰਾ ਮਿਲੇਗਾ ਅਤੇ ਇਹ ਕਰੀਬ 6 ਟ੍ਰਿਲੀਅਨ ਡਾਲਰ ਦੀ ਹੋ ਜਾਵੇਗੀ। ਇਸ ਦੌਰਾਨ ਭਾਰਤ ਦੀ ਜੀ. ਡੀ. ਪੀ. ਦਾ ਅੱਧੇ ਤੋਂ ਜ਼ਿਆਦਾ ਹਿੱਸਾ ਘਰੇਲੂ ਖਪਤ ਤੋਂ ਆਵੇਗਾ।

ਪਿਛਲੇ 20 ਸਾਲਾਂ ’ਚ ਭਾਰਤ ਦੀ ਪ੍ਰਤੀ ਵਿਅਕਤੀ ਆਮਦਨ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ 2001 ’ਚ 460 ਅਮਰੀਕੀ ਡਾਲਰ ਸੀ, ਜੋ 2011 ’ਚ ਵਧ ਕੇ 1413 ਡਾਲਰ ਅਤੇ 2021 ’ਚ 2150 ਡਾਲਰ ਹੋ ਗਈ ਹੈ। ਸਟੈਂਡਰਡ ਚਾਰਟਰਡ ਬੈਂਕ ਨੇ ਇਕ ਹਫਤਾਵਾਰੀ ਰਿਪੋਰਟ ’ਚ ਕਿਹਾ ਕਿ ਭਾਰਤ ਦੀ ਬਰਾਮਦ ਆਉਣ ਵਾਲੇ ਸਾਲਾਂ ’ਚ ਤੇਜ਼ੀ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਲਿਜਾਵੇਗੀ। 2030 ਤੱਕ ਇਸਦੇ 2.1 ਟ੍ਰਿਲੀਅਨ ਡਾਲਰ ਪੁੱਜਣ ਦਾ ਅਨੁਮਾਨ ਹੈ, ਜੋ ਕਿ ਵਿੱਤੀ ਸਾਲ 2022-23 ’ਚ 1.2 ਟ੍ਰਿਲੀਅਨ ਡਾਲਰ ਸੀ। ਇਸ ਰਿਪੋਰਟ ’ਚ ਮੰਨਿਆ ਗਿਆ ਹੈ ਕਿ ਭਾਰਤ ਦੀ ਨਾਮਿਨਲ ਜੀ . ਡੀ. ਪੀ. ਇੱਥੋਂ 10 ਫ਼ੀਸਦੀ ਦੀ ਦਰ ਨਾਲ ਵਧੇਗੀ। ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਇਸ ਦੌਰਾਨ ਭਾਰਤ ’ਚ ਘਰੇਲੂ ਖਪਤ ਵੀ ਤੇਜ਼ੀ ਨਾਲ ਵਧੇਗੀ ਅਤੇ ਇਹ 2030 ਤੱਕ 3.4 ਟ੍ਰਿਲੀਅਨ ਡਾਲਰ ਤੱਕ ਪਹੁੰਚ ਜਾਵੇਗੀ, ਜੋ ਕਿ ਵਿੱਤੀ ਸਾਲ 2022-23 ਵਿਚ 2.1 ਅਰਬ ਡਾਲਰ ਹੈ।